ਨਿੱਜੀ ਪੱਤਰ ਪ੍ਰੇਰਕ
ਨਾਭਾ, 24 ਜੂਨ
ਨਾਭਾ ਨਗਰ ਕੌਂਸਲ ਦੀ ਚੋਣ ਦੌਰਾਨ ਸਰਬਸੰਮਤੀ ਨਾਲ ਊਸ਼ਾ ਰਾਣੀ ਮੱਗੋ ਸੀਨੀਅਰ ਮੀਤ ਪ੍ਰਧਾਨ ਅਤੇ ਕਰਮਜੀਤ ਕੌਰ ਮੀਤ ਪ੍ਰਧਾਨ ਚੁਣੇ ਗਏ। ਦੋ ਦਿਨ ਪਹਿਲਾਂ ਸੁਜਾਤਾ ਚਾਵਲਾ ਨਗਰ ਕੌਂਸਲ ਪ੍ਰਧਾਨ ਚੁਣੇ ਗਏ ਸਨ। ਨਾਭਾ ਨਗਰ ਕੌਂਸਲ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਤਿੰਨੋਂ ਅਹੁਦਿਆਂ ’ਤੇ ਮਹਿਲਾਵਾਂ ਨੂੰ ਜ਼ਿੰਮੇਵਾਰੀ ਮਿਲੀ ਹੋਵੇ। ਇਸ ਮੌਕੇ ਨਾਭਾ ਦੇ ਸਾਰੇ ਕੌਂਸਲਰ ਹਾਜ਼ਰ ਰਹੇ ਤੇ ਨਾਭਾ ਵਿਧਾਇਕ ਦੇਵ ਮਾਨ ਸਮੇਤ ਸਭ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ। ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦਾ ਕਾਰਜਕਾਲ ਇੱਕ ਸਾਲ ਦਾ ਹੁੰਦਾ ਹੈ। ਵਾਰਡ ਨੰਬਰ 13 ਤੋਂ ਕੌਂਸਲਰ ਊਸ਼ਾ ਮੱਗੋ ਅਤੇ ਵਾਰਡ ਨੰਬਰ 17 ਤੋਂ ਕੌਂਸਲਰ ਕਰਮਜੀਤ ਕੌਰ ਨੇ ਕਿਹਾ ਕਿ ਸ਼ਹਿਰ ’ਚ ਸਫਾਈ ਅਤੇ ਪਾਣੀ ਦੀ ਨਿਕਾਸੀ ਦਾ ਮੁੱਦਾ ਲੰਮੇ ਸਮੇਂ ਤੋਂ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਜਿਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਨੂੰ ਦੇਖਦਿਆਂ ਯੋਗ ਪ੍ਰਬੰਧਾਂ ਲਈ ਉਪਰਾਲੇ ਸ਼ੁਰੂ ਵੀ ਕਰ ਦਿੱਤੇ ਗਏ ਹਨ।