ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਜਨਵਰੀ
ਪਟਿਆਲਾ ’ਚ ਕਰੋਨਾ ਵੈਕਸੀਨ ਦੇ ਟੀਕਾਕਰਨ ਦੀ ਸ਼ੁਰੂਆਤ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਤੋਂ ਕਰਵਾਈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਇਹ ਟੀਕਾ ਡਾਕਟਰਾਂ ਤੇ ਹੋਰ ਸਿਹਤ ਕਾਮਿਆਂ ਨੂੰ ਲਗਾਇਆ ਜਾਣਾ ਹੈ। ਫਿਰ ਮੂਹਰਲੀ ਕਤਾਰ ’ਚ ਕੰਮ ਕਰਨ ਵਾਲਿਆਂ ਅਤੇ ਆਮ ਲੋਕਾਂ ਨੂੰ ਇਹ ਟੀਕਾ ਲੱਗੇਗਾ।
ਇਸ ਦੌਰਾਨ ਸਿਵਲ ਸਰਜਨ ਡਾ. ਸਤਿੰਦਰ ਸਿੰਘ, ਪੀਐੱਮਸੀ ਪ੍ਰਧਾਨ ਡਾ. ਏ.ਐੱਸ. ਸੇਖੋਂ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਮੋਹਨ ਸਿੰਘ, ਡਾ. ਸੁਧੀਰ ਵਰਮਾ, ਡੀਪੀ ਸਿੰਘ, ਜੇਪੀ ਵਾਲੀਆ, ਨੀਰਜ ਗੋਇਲ, ਹਰਮਿੰਦਰ ਸਿੰਘ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ ਆਦਿ ਨੇ ਪਹਿਲੀ ਕਤਾਰ ’ਚ ਟੀਕਾ ਲਗਵਾਇਆ। ਕੋਵਿਡ ਵੈਕਸੀਨੇਸ਼ਨ ਜ਼ਿਲ੍ਹਾ ਟਾਸਕ ਫੋਰਸ ਦੇ ਚੇਅਰਮੈਨ ਵਜੋਂ ਕਾਰਜਸ਼ੀਲ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਨੂੰ 11080 ਕੋਵੀਸ਼ੀਲਡ ਵੈਕਸੀਨ ਟੀਕੇ ਪ੍ਰਾਪਤ ਹੋਏ ਹਨ। ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਸਮੇਤ ਦੋ ਥਾਂ ਚਲਾਈ ਮੁਹਿੰਮ ਦੌਰਾਨ ਦੋ ਸੌ ਦਾ ਟੀਕਾਕਰਨ ਕੀਤਾ ਗਿਆ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਅੱਜ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸਥਾਨਕ ਸਿਵਲ ਹਸਪਤਾਲ ਤੋਂ ਡਾਕਟਰਾਂ ਅਤੇ ਫਰੰਟਲਾਈਨ ਸਿਹਤ ਕਰਮੀਆਂ ਲਈ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਸਭ ਤੋਂ ਪਹਿਲਾਂ ਟੀਕਾ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਬਲਜੀਤ ਸਿੰਘ ਨੇ ਲਗਵਾਇਆ। ਅੱਜ ਪਹਿਲੇ 10 ਡਾਕਟਰਾਂ ਤੇ ਸਿਹਤ ਕਰਮੀਆਂ ਨੂੰ ਟੀਕਾ ਲਗਵਾਉਣ ਤੋਂ ਲੈ ਕੇ ਉਨ੍ਹਾਂ ਦਾ ਅੱਧੇ ਘੰਟੇ ਦਾ ਨਿਰੀਖਣ ਸਮਾਂ ਪੂਰਾ ਹੋਣ ਤਕ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਉਨ੍ਹਾਂ ਦੇ ਨਾਲ ਰਹੇ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੇ ਸਫ਼ਾਈ ਸੇਵਕਾਂ ਨੂੰ ਵੀ ਵੈਕਸੀਨ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਸ੍ਰੀ ਸਿੰਗਲਾ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰਾਸ਼ਨ ਡਿੱਪੂਆਂ ਦੀ ਵੀ ਅਲਾਟਮੈਂਟ ਕੀਤੀ ਅਤੇ 56 ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ।
ਧੂਰੀ (ਪਵਨ ਕੁਮਾਰ ਵਰਮਾ/ਹਰਦੀਪ ਸਿੰਘ ਸੋਢੀ): ਅੱਜ ਸ਼ੁਰੂ ਕੀਤੀ ਗਈ ਕਰੋਨਾ ਟੀਕਾਕਰਨ ਮੁਹਿੰਮ ਦੌਰਾਨ ਸਿਵਲ ਹਸਪਤਾਲ ਧੂਰੀ ਵਿੱਚ ਹੱਡੀਆਂ ਦੇ ਮਾਹਿਰ ਡਾ. ਪ੍ਰਭਸਿਮਰਨ ਸਿੰਘ ਦੇ ਟੀਕਾ ਲਾਉਣ ਨਾਲ ਸ਼ੁਰੂ ਕੀਤੀ ਗਈ। ਇਸ ਮੁਹਿੰਮ ਦਾ ਉਦਘਾਟਨ ਲਤੀਫ ਅਹਿਮਦ ਐਸ.ਡੀ.ਐਮ. ਧੂਰੀ ਨੇ ਕੀਤਾ।
ਰਾਜਪੁਰਾ (ਪੱਤਰ ਪ੍ਰੇਰਕ): ਕਰੋਨਾ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਇੱਥੋਂ ਦੇ ਏ.ਪੀ.ਜੈਨ ਸਿਵਲ ਹਸਪਤਾਲ ਵਿੱਚ ਸਿਹਤ ਕਰਮਚਾਰੀਆਂ ਦੇ ਟੀਕਾਕਰਨ ਨਾਲ ਸ਼ੁਰੂ ਹੋਈ।
ਸਿਹਤ ਅਮਲੇ ’ਚ ਵੈਕਸੀਨ ਬਾਰੇ ਬੇਭਰੋਸਗੀ
ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਕਰੋਨਾ ਰੋਕੂ ਟੀਕਾ ਲਾਉਣ ਦੀ ਮੁਹਿੰਮ ਚਲਾਈ ਗਈ। ਹਾਲਾਂਕਿ ਅੱਜ ਮਿਥੇ ਟੀਚੇ ਦਾ ਇੱਕ ਚੌਥਾਈ ਹਿੱਸੇ ਦਾ ਵੀ ਟੀਕਾਕਰਨ ਨਹੀਂ ਹੋ ਸਕਿਆ। ਪਹਿਲੇ ਦਿਨ ਕਰੋਨਾ ਰੋਕੂ ਟੀਕਾ ਡਾਕਟਰਾਂ, ਨਰਸਾਂ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਸਮੇਤ ਸਿਹਤ ਵਿਭਾਗ ਦੇ 300 ਮੁਲਾਜ਼ਮਾਂ ਦੇ ਲਾਇਆ ਜਾਣਾ ਸੀ। ਸਿਰਫ਼ 62 ਸਿਹਤ ਮੁਲਾਜ਼ਮ ਹੀ ਟੀਕਾ ਲਵਾਉਣ ਲਈ ਅੱਗੇ ਆਏ। ਇਸ ਦਾ ਕਾਰਨ ਇਸ ਵੈਕਸੀਨ ਪ੍ਰਤੀ ਡਾਕਟਰ ਤੇ ਸਿਹਤ ਕਰਮੀਆਂ ਵਿੱਚ ਬੇਭਰਸਗੀ ਅਤੇ ਡਰ ਦਾ ਮਾਹੌਲ ਹੈ। ਟੀਕਾਕਰਨ ਲਈ ਪਟਿਆਲਾ ਜ਼ਿਲ੍ਹੇ ਵਿੱਚ 34 ਥਾਂਵਾਂ ਦੀ ਚੋਣ ਕੀਤੀ ਗਈ ਹੈ। ਪਹਿਲੇ ਦਿਨ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਪਟਿਆਲਾ ਸਮੇਤ ਰਾਜਪੁਰਾ ਵਿਚ ਇਹ ਟੀਕੇ ਲਾਏ ਗਏ। ਪਟਿਆਲਾ ’ਚ ਪਹਿਲਾ ਟੀਕਾ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਲਗਵਾਇਆ। ਉਨ੍ਹਾਂ ਨੇ ਟੀਕਾਕਰਨ ਦੀ ਘੱਟ ਗਿਣਤੀ ਰਹਿਣ ਦਾ ਕਾਰਨ ਸਾਫਟਵੇਅਰ ’ਚ ਤਕਨੀਕੀ ਨੁਕਸ ਹੋਣਾ ਦੱਸਿਆ। ਹਾਲਾਂਕਿ ਉਨ੍ਹਾਂ ਨੇ ਡਰ ਦੀ ਭਾਵਨਾ ਹੋਣ ਦੀ ਗੱਲ ਵੀ ਖੁੱਲ੍ਹੇ ਮਨ ਨਾਲ ਮੰਨੀ।