ਖੇਤਰੀ ਪ੍ਰਤੀਨਿਧ
ਪਟਿਆਲਾ, 14 ਦਸੰਬਰ
ਜ਼ਿਲ੍ਹਾ ਚੋਣ ਅਫ਼ਸਰ-ਕਮ-ਏਡੀਸੀ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਵੱਲੋਂ ਵੋਟਰ ਜਾਗਰੂਕਤਾ ਸਬੰਧੀ ਤਿਆਰ ਵੱਖ-ਵੱਖ ਐਪਸ ਦੇ ਪ੍ਰਚਾਰ ਲਈ ਦੋ ਵੈਨਾਂ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਲਈ ਰਵਾਨਾ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਨਫੌਰਮਡ ਅਤੇ ਐਥੀਕਲ ਵੋਟਿੰਗ, ਸੀ-ਵੀਜ਼ੂਲ ਐਪ, ਵੋਟਰ ਹੈਲਪਲਾਈਨ ਤੇ ਹੋਰਨਾਂ ਐਪਸ ਦੀ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਤਿਆਰ ਕੀਤੀਆਂ ਗਈਆਂ ਇਹ ਵੈਨਾ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ‘ਚ ਪ੍ਰਚਾਰ ਕਰਨਗੀਆਂ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਹਲਕਾ ਪਟਿਆਲਾ ਸ਼ਹਿਰੀ ਤੇ ਸ਼ੁਤਰਾਣਾ ਹਲਕੇ ‘ਚ 14 ਤੋਂ 16 ਦਸੰਬਰ ਤੱਕ, ਪਟਿਆਲਾ ਦਿਹਾਤੀ ਤੇ ਸਮਾਣਾ ਹਲਕੇ ‘ਚ 17 ਤੋਂ 19 ਤੱਕ, ਘਨੌਰ ਤੇ ਸਨੌਰ ਹਲਕਿਆਂ ‘ਚ 20 ਤੋਂ 22 ਤੱਕ, ਰਾਜਪੁਰਾ ਤੇ ਨਾਭਾ ਹਲਕੇ ‘ਚ 23 ਤੋਂ 25 ਦਸੰਬਰ ਤੱਕ ਵੈਨਾਂ ਜਨਤਕ ਥਾਵਾਂ ‘ਤੇ ਪੁੱਜ ਕੇ ਲੋਕਾਂ ਨੂੰ ਚੋਣ ਕਮਿਸ਼ਨ ਦੀ ਐਪਸ ਤੇ ਸਹੂਲਤਾਂ ਬਾਰੇ ਵੀਡੀਓਜ਼ ਰਾਹੀਂ ਜਾਣਕਾਰੀ ਦੇਣਗੀਆਂ। ਇਸ ਵੈਨ ਰਾਹੀਂ ਸੁਚਾਰੂ ਢੰਗ ਨਾਲ ਪ੍ਰਚਾਰ ਕਰਨ ਸਬੰਧੀ ਜ਼ਿਲ੍ਹੇ ਦੇ ਹਰੇਕ ਰਿਟਰਨਿੰਗ ਅਫ਼ਸਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਟਿਵਾਣਾ, ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਡਾ.ਸੁਖਦਰਸ਼ਨ ਚਹਿਲ ਤੇ ਹੋਰ ਹਾਜ਼ਰ ਸਨ।