ਖੇਤਰੀ ਪ੍ਰਤੀਨਿਧ
ਪਟਿਆਲਾ, 13 ਜੁਲਾਈ
ਪਟਿਆਲਾ ਜ਼ਿਲ੍ਹੇ ’ਚ ਕਰੋਨਾਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਚੱਲਦਿਆਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੜ ਤੋਂ ਸਖ਼ਤ ਕਦਮ ਉਠਾਏ ਜਾਣ ਲੱਗੇ ਹਨ। ਇਹਤਿਆਤ ਵਜੋਂ ਪ੍ਰਸ਼ਾਸਨ ਨੇ ਮੁੜ ਇਥੋਂ ਦੀਆਂ ਦੋ ਪ੍ਰਮੁੱਖ ਸਬਜ਼ੀ ਮੰਡੀਆਂ ਨੂੰ ਕੁਝ ਦਿਨਾਂ ਲਈ ਬੰਦ ਰੱਖਣ ਦਾ ਫੈਸਲਾ ਲਿਆ ਹੈ। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਤਹਿਤ ਸ਼ਹਿਰ ਦੇ ਅੰਦਰੂਨੀ ਹਿੱਸੇ ’ਚ ਰਾਘੋਮਾਜਰਾ ਵਿੱਚ ਸਥਿਤ ਪੁਰਾਣੀ ਸਬਜ਼ੀ ਮੰਡੀ 14 ਜੁਲਾਈ (ਮੰਗਲਵਾਰ) ਤੋਂ ਚਾਰ ਦਿਨਾਂ ਲਈ ਬੰਦ ਰਹੇਗੀ। ਇਸੇ ਤਰ੍ਹਾਂ ਸਨੌਰ ਰੋਡ ’ਤੇ ਸਥਿਤ ਆਧੁਨਿਕ ਸਬਜ਼ੀ ਮੰਡੀ ਪਟਿਆਲਾ ਨੂੰ ਵੀ 15 ਜੁਲਾਈ (ਬੁੱਧਵਾਰ) ਤੋਂ ਚਾਰ ਦਿਨਾਂ ਲਈ ਬੰਦ ਰੱਖਿਆ ਜਾਵੇਗਾ।