ਹਰਦੀਪ ਸਿੰਘ ਭੰਗੂ
ਭਾਦਸੋਂ, 10 ਜੁਲਾਈ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਬਿੱਟੂ ਨੇ ਭਾਦਸੋਂ ਸ਼ਹਿਰ ਵਿੱਚ ਚਿੱਟੇ ਦੀ ਵਿਕਰੀ ਸਬੰਧੀ ਸਟਿੰਗ ਅਪਰੇਸ਼ਨ ਕਰ ਕੇ ਪੰਜਾਬ ਸਰਕਾਰ ਦੇ ਨਸ਼ੇ ਦੀ ਰੋਕਥਾਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪ੍ਰੈਸ ਕਾਨਫਰੰਸ ਰਾਹੀਂ ਬਰਿੰਦਰ ਬਿੱਟੂ ਨੇ ਕੈਪਟਨ ਸਰਕਾਰ ਤੇ ਇਸ ਤੋਂ ਪਿਛਲੀ ਅਕਾਲੀ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ’ਤੇ ਘੇਰਦਿਆਂ ਨਸ਼ਾ ਵਿਕਣ ਕੇ ਇਸ ਸਟਿੰਗ ਅਪਰੇਸ਼ਨ ਦੀ ਵੀਡੀਓ ਰਿਲੀਜ਼ ਕੀਤੀ।
‘ਆਪ’ ਆਗੂ ਬਰਿੰਦਰ ਬਿੱਟੂ ਨੇ ਦੱਸਿਆ ਕਿ ਰਾਜਨੀਤਿਕ ਪੁਸ਼ਤਪਨਾਹੀ ਸਦਕਾ ਸ਼ਹਿਰ ਦੀ ਅਨਾਜ ਮੰਡੀ ਦੇ ਨੇੜੇ ਇਕ ਪਰਿਵਾਰ ਵੱਲੋਂ ਸ਼ਰੇਆਮ ਚਿੱਟਾ ਵੇਚੇ ਜਾਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ ਜਿਸ ਕਰਕੇ ਉਨ੍ਹਾਂ ਦੀ ਟੀਮ ਵੱਲੋਂ ਕਥਿਤ ਨਸ਼ਾ ਵਿਕ੍ਰੇਤਾ ਪਰਿਵਾਰ ਦੇ ਘਰ ਅੱਗੇ ਖੁਫੀਆ ਕੈਮਰੇ ਲਗਾ ਕੇ ਸ਼ਰੇਆਮ ਨਸ਼ਾ ਵੇਚੇ ਜਾਣ ਦੇ ਦ੍ਰਿਸ਼ਾਂ ਨੂੰ ਕੈਮਰੇ ਵਿੱਚ ਕੈਦ ਕੀਤਾ। ਦੁਪਿਹਰ ਦੋ ਵਜੇ ਤੋਂ ਸ਼ਾਮ ਕਰੀਬ 6 ਵਜੇ ਤੱਕ ਕੀਤੇ ਇਸ ਸਟਿੰਗ ਅਪਰੇਸ਼ਨ ਦੀ ਵੀਡੀਓ ਵਿੱਚ 15 ਤੋਂ 25 ਸਾਲ ਦੇ 21 ਨੌਜਵਾਨ ਨਸ਼ਾ ਖਰੀਦਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਨਸ਼ਾ ਵੇਚਦੇ ਕਥਿਤ ਦੋਸ਼ੀ ਪਰਿਵਾਰ ਦੀਆਂ ਚਾਰ ਔਰਤਾਂ, ਦੋ ਨੌਜਵਾਨ,ਦੋ ਅੱਲ੍ਹੜ ਉਮਰ ਦੀਆਂ ਕੁੜੀਆਂ ਅਤੇ ਦੋ ਨਿੱਕੇ ਬੱਚੇ ਖਤਰੇ ਦੀ ਭਿਣਕ ਮਿਲਦਿਆਂ ਹੀ ਘਰ ਨੂੰ ਜਿੰਦੇ ਕੁੰਡੇ ਲਾ ਕੇ ਭੱਜਦੇ ਦਿਖਾਈ ਦੇ ਰਹੇ ਹਨ। ਹਲਕੇ ਨਾਲ ਸਬੰਧਤ ਕੈਬਨਿਟ ਮੰਤਰੀ ’ਤੇ ਨਸ਼ਾ ਕਾਰੋਬਾਰੀਆਂ ਨੂੰ ਸ਼ਹਿ ਦੇਣ ਦੇ ਦੋਸ਼ ਲਗਾਉਂਦਿਆਂ ਬਰਿੰਦਰ ਬਿੱਟੂ ਨੇ ਕਿਹਾ ਕਿ ਪੁਲੀਸ ਨੂੰ ਨਸ਼ਾ ਕਾਰੋਬਾਰੀਆਂ ’ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਵੀਡੀਓ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ: ਥਾਣਾ ਮੁਖੀ
ਥਾਣਾ ਮੁਖੀ ਅੰਮ੍ਰਿਤਵੀਰ ਸਿੰਘ ਚਾਹਲ ਨੇ ਕਿਹਾ ਕਿ ਚਿੱਟਾ ਵੇਚਣ ਵਾਲੇ ਕਥਿਤ ਪਰਿਵਾਰ ’ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਚਾਰ-ਪੰਜ ਪਰਚੇ ਹੋ ਚੁੱਕੇ ਹਨ ਪਰ ਨਸ਼ਾ ਬਰਾਮਦਗੀ ਦੀ ਮਾਤਰਾ ਦੇ ਆਧਾਰ ’ਤੇ ਉਨ੍ਹਾਂ ਦੀ ਹਰ ਵਾਰ ਥੋੜ੍ਹੇ ਸਮੇਂ ਬਾਅਦ ਜ਼ਮਾਨਤ ਹੋ ਜਾਂਦੀ ਹੈ ਜਿਸ ਮਗਰੋਂ ਉਹ ਮੁੜ ਨਸ਼ਾ ਵੇਚਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਰਿੰਦਰ ਬਿੱਟੂ ਨੇ ਨਸ਼ਾ ਵਿਕਰੀ ਦੀ ਕੋਈ ਵੀਡੀਓ ਬਣਾਈ ਹੈ ਤਾਂ ਉਹ ਪੁਲੀਸ ਨੂੰ ਦੇਣ , ਉਸ ਵੀਡੀਓ ਦੇ ਆਧਾਰ ’ਤੇ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ। ਥਾਣਾ ਮੁਖੀ ਨੇ ਅਜਿਹੇ ਕਿਸੇ ਮਾਮਲੇ ਵਿੱਚ ਰਾਜਨੀਤਕ ਦਬਾਅ ਹੋਣ ਤੋਂ ਇਨਕਾਰ ਕੀਤਾ