ਪੱਤਰ ਪ੍ਰੇਰਕ
ਡਕਾਲਾ, 23 ਅਗਸਤ
ਪਿੰਡ ਮੰਜਾਲ ਖੁਰਦ ਵੀ ਅਫ਼ਰੀਕਨ ਸਵਾਈਨ ਫੀਵਰ ਨਾਲ ਪ੍ਰਭਾਵਿਤ ਖੇਤਰ ਐਲਾਨਿਆ ਗਿਆ ਹੈ। ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਦੇ ਤੀਜੇ ਖੇਤਰ ਮੰਜਾਲ ਖੁਰਦ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਿਤ ਜ਼ੋਨ ਵਜੋਂ ਨੋਟੀਫ਼ਾਈ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਭਾਰਤੀ ਖੇਤੀਬਾੜੀ ਖੋਜ ਕੌਂਸਲ-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਭੋਪਾਲ ਨੇ ਮੰਜਾਲ ਖੁਰਦ ਤੋਂ ਭੇਜੇ ਸੂਰਾਂ ਦੇ ਸੈਂਪਲਾਂ ਵਿੱਚ ਵੀ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਫ਼ਰੀਕਨ ਸਵਾਈਨ ਫ਼ੀਵਰ ਦੀ ਪ੍ਰਭਾਵੀ ਰੋਕਥਾਮ, ਨਿਯੰਤਰਣ ਤੇ ਖ਼ਾਤਮੇ ਲਈ ‘ਜਾਨਵਰਾਂ ਵਿੱਚ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009’ ਦੀ ਪਾਲਣਾ ਯਕੀਨੀ ਬਣਾਉਣ। ਕੈਬਨਿਟ ਮੰਤਰੀ ਨੇ ਕਿਹਾ ਕਿ ਬਿਮਾਰੀ ਦਾ ਕੇਂਦਰ ਐਲਾਨੇ ਇਸ ਪਿੰਡ ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ ਨੂੰ ‘ਸੰਕ੍ਰਮਿਤ ਜ਼ੋਨ’ ਐਲਾਨਿਆ ਗਿਆ ਹੈ ਜਦਕਿ 10 ਕਿਲੋਮੀਟਰ ਤੱਕ ਦਾ ਖੇਤਰ ‘ਨਿਗਰਾਨੀ ਜ਼ੋਨ’ ਹੋਵੇਗਾ ਅਤੇ ਇਸ ਖੇਤਰ ਵਿੱਚ ਨਿਰੰਤਰ ਨਿਗਰਾਨੀ ਯਕੀਨੀ ਬਣਾਈ ਜਾਵੇਗੀ। ਜ਼ਿਲ੍ਹਾ ਪਟਿਆਲਾ ਦੇ ਦੋ ਖੇਤਰਾਂ ‘ਬਿਲਾਸਪੁਰ’ ਅਤੇ ‘ਸਨੌਰੀ ਅੱਡਾ’ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਤੋਂ ਬਾਅਦ ਪੰਜਾਬ ਨੂੰ ਪਹਿਲਾਂ ਹੀ ਨਿਯੰਤਰਿਤ ਖੇਤਰ ਐਲਾਨਿਆ ਜਾ ਚੁੱਕਾ ਹੈੈ।