ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਗਸਤ
ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਲਈ 32.3 ਕਰੋੜ ਰੁਪਏ ਦੇ ਤਜਵੀਜ਼ਸ਼ੁਦਾ ਪ੍ਰਾਜੈਕਟ ਦੀ ਜ਼ਮੀਨੀ ਹਕੀਕਤ ਜਾਣਨ ਲਈ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਭਾਦਸੋਂ ਰੋਡ ’ਤੇ ਟਿਵਾਣਾ ਚੌਕ ਅਤੇ ਸੋਮਵਾਰੀ ਮੰਡੀ ਚੌਕ ਨੇੜੇ ਡਰੇਨ ਦਾ ਦੌਰਾ ਕੀਤਾ। ਮਾਡਲ ਟਾਊਨ ਡਰੇਨ ਸਰਹਿੰਦ ਰੋਡ ’ਤੇ ਹਸਨਪੁਰ ਦੇ ਨੇੜਿਉਂ ਸ਼ੁਰੂ ਹੋ ਕੇ ਪਟਿਆਲਾ ਸ਼ਹਿਰ ’ਚੋਂ ਗੁਜਰਦਿਆਂ ਪਿੰਡ ਮੈਣ ਨੇੜੇ ਜੈਕਬ ਡਰੇਨ ਵਿੱਚ ਪੈਂਦੀ ਹੈ। ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਹੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਦੇ ਵਿਚਾਰ ਵੀ ਜਾਣੇ। ਉਨ੍ਹਾਂ ਮਾਡਲ ਟਾਊਨ ਡਰੇਨ ਦੇ ਪ੍ਰਾਜੈਕਟ ਨੂੰ ਜਲਦ ਨੇਪਰੇ ਚਾੜ੍ਹਨ ਲਈ ਏਡੀਸੀ ਦੀ ਅਗਵਾਈ ਹੇਠ ਸਟੀਅਰਿੰਗ ਕਮੇਟੀ ਬਣਾਉਣ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਜਲ ਨਿਕਾਸ ਵਿਭਾਗ ਦੇ ਐਕਸੀਅਨ ਰਮਨਦੀਪ ਬੈਂਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜ ਮਿੱਥੇ ਸਮੇਂ ’ਚ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਮੀਟਿੰਗ ’ਚ ਡੀ.ਐੱਫ.ਓ. ਵਿੱਦਿਆ ਸਾਗਰੀ ਸਮੇਤ ਸੀਵਰੇਜ ਬੋਰਡ, ਪਾਵਰਕੌਮ, ਨਗਰ ਨਿਗਮ, ਪੰਚਾਇਤੀ ਰਾਜ ਤੇ ਪੀ.ਡੀ.ਏ. ਦੇ ਅਧਿਕਾਰੀ ਵੀ ਸ਼ਾਮਲ ਹੋਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਡਲ ਟਾਊਨ ਡਰੇਨ ਨੂੰ 10 ਕਿਲੋਮੀਟਰ ਤੱਕ ਕਵਰ ਕਰ ਕੇ ਇਸ ਨਾਲ ਲੱਗਦੀ ਸੜਕ ਨੂੰ ਚੌੜਾ ਕੀਤਾ ਜਾਵੇਗਾ ਜਿਸ ਨਾਲ ਸਰਹਿੰਦ ਰੋਡ ਅਤੇ ਭਾਦਸੋਂ ਰੋਡ ਤੋਂ ਅੱਗੇ ਜਾ ਕੇ ਨਾਭਾ ਰੋਡ ਸੜਕ ਨੂੰ ਜੋੜਦਿਆਂ, ਬਾਈਪਾਸ ਦੀ ਤਰ੍ਹਾਂ ਵਿਕਸਤ ਹੋਵੇਗਾ। ਇਸ ਨਾਲ ਆਵਾਜਾਈ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਡਰੇਨ ’ਤੇ ਹਸਨਪੁਰ ਤੋਂ ਲੈ ਕੇ ਸੋਮਵਾਰੀ ਮੰਡੀ, ਦੀਪ ਨਗਰ, ਵਿਕਾਸ ਨਗਰ ਤੇ ਰਣਜੀਤ ਨਗਰ ਚੌਕ ਤੱਕ ਅਤੇ ਇਸ ਤੋਂ ਅੱਗੇ ਟਿਵਾਣਾ ਚੌਕ ਤੋਂ ਲੈ ਕੇ ਬਾਬੂ ਸਿੰਘ ਕਲੋਨੀ ਤੱਕ ਡਰੇਨ ਦੁਆਲੇ ਦੋ ਥਾਵਾਂ ’ਤੇ ਗਰੀਨ ਬੈਲਟ (ਪਾਰਕ) ਬਣਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਜਵੀਜ਼ਸ਼ੁਦਾ ਪ੍ਰਾਜੈਕਟ ਮੁਤਾਬਕ ਮਾਡਲ ਟਾਊਨ ਡਰੇਨ ਦੀ ਬੁਰਜੀ 35500 ਤੋਂ 44200 ਤੱਕ 1600 ਐਮ.ਐਮ. (2 ਪਾਈਪ ਲਾਈਨਾਂ) ਐਨ.ਪੀ.-3 ਆਰ.ਸੀ.ਸੀ. ਪਾਈਪਾਂ ਅਤੇ ਬੁਰਜੀ 44200 ਤੋਂ 52156 ਤੱਕ 1200 ਐਮ.ਐਮ. ਐਨ.ਪੀ. 3 ਆਰ.ਸੀ.ਸੀ. ਪਾਈਪ ਪਾ ਕੇ ਡਰੇਨ ਨੂੰ ਉਪਰੋਂ ਮਿੱਟੀ ਨਾਲ ਭਰ ਕੇ ਕਵਰ ਕਰ ਦਿੱਤਾ ਜਾਵੇਗਾ। ਇਸ ਪਾਈਪ ਲਾਈਨ ਵਿੱਚ ਕੇਵਲ ਬਰਸਾਤੀ ਪਾਣੀ ਦੀ ਹੀ ਨਿਕਾਸੀ ਕੀਤੀ ਜਾਵੇਗੀ। ਪਾਈਪ ਲਾਈਨ ਦੇ ਵਿਚਕਾਰ 100-100 ਫੁੱਟ ਦੇ ਫ਼ਰਕ ਨਾਲ ਸਫ਼ਾਈ ਲਈ ਮੈਨਹੋਲਾਂ ਦੀ ਉਸਾਰੀ ਕੀਤੀ ਜਾਵੇਗੀ। ਡਰੇਨ ਬੁਰਜੀ ਦੀ 35500 ਤੋਂ 47000 ਤੱਕ ਡਰੇਨ ਦੇ ਨਾਲ ਪਹਿਲਾਂ ਹੀ ਸੜਕ ਬਣੀ ਹੋਈ ਹੈ। ਇਸ ਲਈ ਡਰੇਨ ਵਿੱਚ ਪਾਈਪ ਲਾਈਨ ਪਾ ਕੇ ਇਸ ਨੂੰ ਮਿੱਟੀ ਨਾਲ ਭਰਨ ਉਪਰੰਤ ਇੰਟਰਲਾਕਿੰਗ ਟਾਇਲਾਂ ਲਗਾ ਕੇ ਸੜਕ ਦੀ ਚੌੜਾਈ ਵਿੱਚ ਵਾਧਾ ਕੀਤਾ ਜਾਵੇਗਾ।