ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਅਪਰੈਲ
ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ ਕੌਮੀ ਸਿੱਖਿਆ ਨੀਤੀ 2020 ਰੱਦ ਕਰਵਾਉਣ ਲਈ ਆਵਾਜ਼ ਬੁਲੰਦ ਕਰਦਿਆਂ, ਪੰਜਾਬੀ ਯੂਨੀਵਰਸਿਟੀ ਵਿੱਚ ਸਾਂਝੀ ਕਨਵੈਨਸ਼ਨ ਕਰਵਾਈ ਗਈ। ਕਨਵੈਨਸ਼ਨ ਵਿੱਚ ਡੀਟੀਐੱਫ ਤੇ ਜੀਟੀਯੂ ਸਮੇਤ ਪੰਜਾਬ ਸਟੂਡੈਂਟਸ ਯੂਨੀਅਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਅਤੇ ਡੈਮੋਕਰੇਟਿਕ ਸਟੂਡੈਂਟਸ ਆਰਗਨਾਇਜੇਸ਼ਨ ਨੇ ਵੀ ਸ਼ਿਰਕਤ ਕੀਤੀ। ਕਨਵੈਨਸ਼ਨ ਦੀ ਪ੍ਰਧਾਨਗੀ ਪੁਸ਼ਪਿੰਦਰ ਹਰਪਾਲਪੁਰ (ਜੀਟੀਯੂ) ਤੇ ਵਿਕਰਮਦੇਵ (ਡੀਟੀਐੱਫ) ਪੁਸ਼ਪਿੰਦਰ ਹਰਪਾਲਪੁਰ (ਜੀਟੀਯੂ), ਅਮਨਦੀਪ ਸਿੰਘ (ਪੀਐਸਯੂ), ਅੰਮ੍ਰਿਤਪਾਲ (ਐੱਸਐੱਫਆਈ), ਰਮਨਦੀਪ ਕੌਰ (ਏਆਈਐੱਸਐੱਫ), ਜਸਵਿੰਦਰ ਕੌਰ (ਡੀਐੱਸਓ), ਰਸ਼ਪਿੰਦਰ ਜਿੰਮੀ (ਪੀਆਰਐਸਯੂ), ਗੁਰਵਿੰਦਰ (ਪੀਐਸਯੂ ਲਲਕਾਰ) ਨੇ ਕੀਤੀ। ਮੰਚ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਬਹੁਤ ਕੁਝ ਲਕੋ ਕੇ ਰੱਖਿਆ ਗਿਆ ਹੈ। ਇਹ ਭੁਲੇਖਾ ਸਿਰਜਿਆ ਗਿਆ ਕਿ ਇਹ ਨੀਤੀ ਲੋਕਾਂ ਦੀ ਰਾਏ ਨਾਲ ਬਣਾਈ ਜਾਵੇਗੀ ਪਰ ਇਹ ਨੂੰ ਕਾਲੇ ਕਾਨੂੰਨਾਂ ਵਾਂਗ ਤਾਲਾਬੰਦੀ ’ਚ ਲਾਗੂ ਕੀਤਾ ਗਿਆ। ਡਾ. ਕੁਲਦੀਪ ਪੁਰੀ ਨੇ ਆਖਿਆ ਕਿ ਇਹ ਸਿੱਖਿਆ ਨੀਤੀ, ਕੌਮੀ ਸਿੱਖਿਆ ਨੀਤੀ ਨਹੀਂ, ਕੌਮੀ ਦੇਸ਼ ਦੇ ਲੋਕਾਂ ਨਾਲ ਹੁੰਦੀ ਹੈ, ਪਰ ਇਹ ਨੀਤੀ ਚੁੱਪ ਚੁਪੀਤੇ ਲਾਗੂ ਕੀਤੀ ਗਈ ਹੈ। ਇਸ ਮੌਕੇ ਵਰਿੰਦਰ ਖੁਰਾਣਾ, ਅੰਮ੍ਰਿਤਪਾਲ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਰਸ਼ਪਿੰਦਰ ਜਿੰਮੀ, ਬਲਕਾਰ ਸਿੰਘ ਅਤੇ ਰਵੀ ਰਸੂਲਪੁਰ ਆਦਿ ਨੇ ਵੀ ਸ਼ਿਰਕਤ ਕੀਤੀ।