ਪੱਤਰ ਪ੍ਰੇਰਕ
ਪਟਿਆਲਾ, 18 ਅਕਤੂਬਰ
ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਦੇ ਮੁੱਖ ਕਲਾਕਾਰ ਪ੍ਰਾਣ ਸਭਰਵਾਲ ਤੇ ਸੁਨੀਤਾ ਸਭਰਵਾਲ ਵੱਲੋਂ ਆਰੰਭੀ ਜਾਗਰੂਕਤਾ ਥੀਏਟਰ ਮੁਹਿੰਮ ਤਹਿਤ ਪ੍ਰਿੰਸੀਪਲ ਐੱਸਆਰਸੀ ਸੈਕੰਡਰੀ ਸਕੂਲ ਬੁੱਕਸ ਮਾਰਕੀਟ ਪ੍ਰਦੀਪ ਬਾਂਸਲ ਦੇ ਸਹਿਯੋਗ ਨਾਲ ਸਕੂਲ ਵਿਚ ‘ਪ੍ਰਣਾਮ ਸ਼ਹੀਦਾਂ ਨੂੰ’ ਜਾਗਰੂਕਤਾ ਨਾਟਕ ਮੇਲਾ ਕਰਵਾਇਆ ਗਿਆ।
ਨਾਟਕ ਮੇਲੇ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਗੁਰੂ ਤੇਗ਼ ਬਹਾਦਰ ਦੀਆਂ ਲਾਸਾਨੀ ਸ਼ਹਾਦਤਾਂ ਬਾਰੇ ਨਾਟਕ ‘ਮੇਰਾ ਲਾਡਲਾ ਭਗਤ ਸਿੰਘ’ ਅਤੇ ਪਾਂਧੀ ਨਨਕਾਨਵੀ ਦਾ ਲਿਖਿਆ ‘ਲੱਖੀ ਸ਼ਾਹ ਵਣਜਾਰਾ’ ਤੋਂ ਇਲਾਵਾ ਆਈਸੀ ਨੰਦਾ ਦਾ ‘ਸੁਹਾਗ’, ਅਜਮੇਰ ਔਲਖ ਦਾ ‘ਸੁੱਕੀ ਕੁੱਖ’ ਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਵਾਲਾ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ’ ਨੂੰ ਭਰਵਾਂ ਹੁੰਗਾਰਾ ਮਿਲਿਆ।
ਸਮਾਗਮ ’ਚ ਸ਼ਾਮਲ ਭਗਵਾਨ ਦਾਸ ਗੁਪਤਾ ਤੇ ਕੇਕੇ ਜੁਨੇਜਾ ਨੇ ਸਕੂਲ ਪ੍ਰਿੰਸੀਪਲ ਪ੍ਰਦੀਪ ਬਾਂਸਲ ਨੂੰ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ। ਭਗਵਾਨ ਦਾਸ ਗੁਪਤਾ ਨੇ ਸੁਨੀਤਾ-ਪ੍ਰਾਣ ਸਭਰਵਾਲ ਲਈ ਪਦਮਸ਼੍ਰੀ ਐਵਾਰਡ ਦੀ ਮੰਗ ਕੀਤੀ। ਸ੍ਰੀ ਜੁਨੇਜਾ ਨੇ ਨਸ਼ਿਆਂ ਖ਼ਿਲਾਫ਼ ਸਖ਼ਤ ਕਾਨੂੰਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਨਟਾਸ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਨਾਟਕ ਮੇਲਾ ਭਾਈ ਗੁਰਦਾਸ ਨਰਸਿੰਗ ਕਾਲਜ ਵਿਚ ਵਿੱਚ ਕਰਵਾਇਆ ਗਿਆ।