ਜੈਸਮੀਨ ਭਾਰਦਵਾਜ
ਨਾਭਾ, 8 ਜਨਵਰੀ
ਨੇੜਲੇ ਪਿੰਡ ਬਾਬਰਪੁਰ ਤੋਂ ਬਲਦੇਵ ਕੌਰ ਨਾਮ ਦੀ ਮਨਰੇਗਾ ਮਜ਼ਦੂਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਸ ਦੇ ਬਿਨਾ ਕੰਮ ਕਰੇ ਹੀ ਸਬੰਧਤ ਵਿਭਾਗ ਵੱਲੋਂ ਦਿਹਾੜੀਆਂ ਖਾਤੇ ਵਿੱਚ ਪਾ ਦਿੱਤੀਆਂ ਗਈਆਂ।
ਹਾਲਾਂਕਿ ਉਸ ਨੇ ਕੰਮ ਦੀ ਮੰਗ ਦਰਜ ਕਰਵਾਈ ਸੀ ਅਤੇ ਉਹ ਕਾਨੂੰਨ ਅਨੁਸਾਰ ਕੰਮ ਲੈਣਾ ਚਾਹੁੰਦੀ ਹੈ ਜਾਂ ਹੱਕ ਵਜੋਂ ਬੇਰੁਜ਼ਗਾਰੀ ਭੱਤਾ, ਨਾ ਕਿ ਇਸ ਤਰਾਂ ਮੁਫ਼ਤ ਦੇ ਪੈਸੇ।
ਬਲਦੇਵ ਕੌਰ ਨੇ ਦੱਸਿਆ ਕਿ ਜਦੋਂ ਉਸ ਨੂੰ ਡੈਮੋਕਰੈਟਿਕ ਮਨਰੇਗਾ ਫ਼ਰੰਟ ਨਾਲ ਆ ਕੇ ਮਨਰੇਗਾ ਦੀ ਇਹ ਸਮਝ ਆਈ ਕਿ ਇਹ ਹੱਕ ਹੈ, ਰਸੂਖਦਾਰਾਂ ਦੀ ਖੈਰਾਤ ਨਹੀਂ ਤਾਂ ਪਿੰਡ ਵਿੱਚੋਂ ਉਹ ਇਕੱਲੀ ਹੀ ਕਾਨੂੰਨ ਅਨੁਸਾਰ ਕੰਮ ਲੈਣ ਦੀ ਮੰਗ ’ਤੇ ਪਹਿਰਾ ਦੇਣ ਲੱਗੀ। ਜਦੋਂ ਉਸ ਨੇ ਚੱਲ ਰਹੇ ਤੰਤਰ ਵਿਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਖਾਤੇ ਵਿਚ 1614 ਰੁਪਏ ਆਏ ਦੇਖੇ। ਪਤਾ ਕਰਨ ’ਤੇ ਸਾਹਮਣੇ ਆਇਆ ਕਿ ਉਸ ਨੂੰ ਬਿਨਾ ਸੂਚਿਤ ਕੀਤੇ ਹੀ ਉਸ ਦਾ ਮਸਟਰੋਲ ਕੱਢਿਆ ਗਿਆ ਅਤੇ ਛੇ ਦਿਨ ਹਾਜ਼ਰੀਆਂ ਲਗਾ ਕੇ ਕੰਮ ਦੀ ਮਿਣਤੀ ਵਿਚ ਪੂਰਾ ਕੰਮ ਕੀਤਾ ਦਿਖਾ ਦਿੱਤਾ ਗਿਆ।
ਬਲਦੇਵ ਕੌਰ ਨੇ ਸ਼ਿਕਾਇਤ ਵਿਚ ਲਿਖਿਆ ਕਿ ਉਹ ਗੁਰਸਿੱਖ ਮਹਿਲਾ ਹੈ ਅਤੇ ਇਸ ਤਰ੍ਹਾਂ ਦੇ ਪੈਸੇ ਦਾ ਉਸ ਦੇ ਮਨ ਉੱਪਰ ਬੋਝ ਰਹੇਗਾ। ਨਾਲੇ ਜਿਸ ਵਿਗਾੜ ਖ਼ਿਲਾਫ਼ ਉਹ ਸੰਘਰਸ਼ ਵਿਚ ਸ਼ਾਮਲ ਹੋਈ ਹੈ, ਉਸ ਨੂੰ ਉਸੇ ਵਿਗਾੜ ਵਿਚ ਰਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਉਹ ਅੱਗੇ ਨੂੰ ਬੋਲ ਹੀ ਨਾ ਸਕੇ। ਉਸ ਨੇ ਸ਼ਿਕਾਇਤ ਵਿਚ ਲਿਖਿਆ ਹੈ ਕਿ ਇਹ ਮਜ਼ਦੂਰਾਂ ਵੱਲੋ ਲੰਬੇ ਸਮੇਂ ਤੋਂ ਲਗਾਏ ਜਾ ਰਹੇ ਦੋਸ਼ਾਂ ਦੇ ਹੱਕ ਵਿਚ ਸਬੂਤ ਵੀ ਹੈ ਕਿ ਕਿਸ ਤਰ੍ਹਾਂ ਰਸੂਖਦਾਰਾਂ ਨੂੰ ਘਰ ਬੈਠੇ ਪੈਸੇ ਪਾਏ ਜਾਂਦੇ ਹਨ ਅਤੇ ਇਸੇ ਕਰ ਕੇ ਨਿਯੁਕਤੀ ਪੱਤਰ ਜਾਰੀ ਨਹੀਂ ਕਰਦੇ ਤੇ ਕੰਮ ਵਾਲੀ ਥਾਂ ’ਤੇ ਮਸਟਰੋਲ ਦੀ ਥਾਂ ਕੱਚੇ ਕਾਗਜ਼ ’ਤੇ ਹਾਜ਼ਰੀ ਲੱਗਦੀ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ।
ਸੰਯੁਕਤ ਵਿਕਾਸ ਕਮਿਸ਼ਨਰ ਵੱਲੋਂ ਜਾਂਚ ਦੇ ਹੁਕਮ
ਇਸ ਸ਼ਿਕਾਇਤ ਸਬੰਧੀ ਗੱਲ ਕਰਨ ’ਤੇ ਪੰਜਾਬ ਦੇ ਸੰਯੁਕਤ ਵਿਕਾਸ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਜਾਂਚ ਦਾ ਆਦੇਸ਼ ਦੇ ਦਿੱਤਾ ਹੈ। ਬੁੱਧਵਾਰ ਤੱਕ ਇਸ ਬਾਰੇ ਰਿਪੋਰਟ ਤਲਬ ਕੀਤੀ ਗਈ ਹੈ।