ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਫਰਵਰੀ
ਪਟਿਆਲਾ ਨਗਰ ਨਿਗਮ ਦੀ ਹੱਦ ਅੰਦਰ ਸ਼ਹਿਰ ਵਾਸੀਆਂ ਨੂੰ ਭਾਖੜਾ ਨਹਿਰ ਤੋਂ ਸੋਧ ਕੇ ਜਲ ਸਪਲਾਈ ਕਰਨ ਵਾਲੇ ਪ੍ਰਾਜੈਕਟ ਅੱਜ-ਕੱਲ੍ਹ ਸੁਸਤ ਚਾਲ ਵਿੱਚ ਹੈ। 115 ਮਿਲੀਅਨ ਲਿਟਰ ਪ੍ਰਤੀ ਦਿਨ ਪਾਣੀ ਸੋਧਣ ਦੀ ਸਮਰੱਥਾ ਰੱਖਣ ਵਾਲਾ ਇਹ ਪ੍ਰਾਜੈਕਟ 36 ਮਹੀਨਿਆਂ ਵਿੱਚ ਤਿਆਰ ਹੋਣਾ ਸੀ। ਇਸ ਸਬੰਧੀ ਚੱਲ ਰਹੇ ਕੰਮ ਨੂੰ ਕਰੀਬ ਪੌਣੇ ਦੋ ਸਾਲ ਹੋ ਚੱਲੇ ਹਨ ਪਰ ਹੁਣ ਤੱਕ ਇਸ ਦਾ ਕੰਮ 10 ਫ਼ੀਸਦੀ ਹੀ ਮੁਕੰਮਲ ਹੋ ਪਾਇਆ ਹੈ। ਆਮ ਆਦਮੀ ਪਾਰਟੀ ਦੇ ਆਗੂ ਪ੍ਰਿ. ਜੇਪੀ ਸਿੰਘ ਨੇ ਇਸ ਪ੍ਰਾਜੈਕਟ ਨੂੰ ਛੇਤੀ ਨੇਪਰੇ ਚਾੜ੍ਹਨ ’ਤੇ ਜ਼ੋਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰਾਜੈਕਟ ਅਬਲੋਵਾਲ ਕੋਲ ਭਾਖੜਾ ਨਹਿਰ ਤੋਂ ਪਾਣੀ ਲੈ ਕੇ ਸੋਧਿਆ ਜਾਵੇਗਾ, ਜਿਸ ਲਈ ਅਬਲੋਵਾਲ ਤੋਂ 26 ਏਕੜ ਜ਼ਮੀਨ ਐਕੁਆਇਰ ਕੀਤੀ ਸੀ, ਇਸ ਵੇਲੇ ਪਟਿਆਲਾ ਨੂੰ 90 ਐਮਐਲਡੀ ਪਾਣੀ ਦੀ ਲੋੜ ਹੈ ਪਰ ਭਵਿੱਖ ਦੀਆਂ ਯੋਜਨਾਵਾਂ ਤਹਿਤ ਇਹ 115 ਐਮਐਲਡੀ ਪਾਣੀ ਸੋਧਣ ਦੀ ਸਮਰੱਥਾ ਵਾਲਾ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਹੈ। ਇਸ ’ਤੇ 230 ਕਰੋੜ ਰੁਪਏ ਕੁੱਲ ਖਰਚਾ ਆਵੇਗਾ, ਇਸ ਨੂੰ ਬਣਾਉਣ ਦਾ ਠੇਕਾ ਸਰਕਾਰ ਨੇ ਐਲਐਂਡਟੀ ਨੂੰ ਦਿੱਤਾ ਹੈ, ਪਟਿਆਲਾ ਵਿੱਚ 12 ਨਵੀਂਆਂ ਟੈਂਕੀਆਂ ਬਣਾਈਆਂ ਜਾਣਗੀਆਂ ਤੇ 13 ਪੁਰਾਣੀਆਂ ਟੈਂਕੀਆਂ ਤੋਂ ਹੀ ਕੰਮ ਲਿਆ ਜਾਵੇਗਾ।
ਇਸ ਸਬੰਧੀ ਕੰਪਨੀ ਦੇ ਇਕ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਸਰਕਾਰ ਤੇ ਦੋਸ਼ ਲਗਾਏ ਹਨ,‘ਸਰਕਾਰ ਵੱਲੋਂ ਕੁਝ ਮੁਸ਼ਕਲਾਂ ਖੜੀਆਂ ਕਰਨ ਕਰਕੇ ਕੰਮ ਥੋੜ੍ਹਾ ਹੌਲੀ ਚੱਲ ਰਿਹਾ ਹੈ, ਪਰ ਫੇਰ ਵੀ ਸਾਡਾ ਟੀਚਾ ਹੈ ਕਿ ਅਸੀਂ ਸਮੇਂ ਅਨੁਸਾਰ ਕੰਮ ਸਮਾਪਤ ਕਰ ਦਿਆਂਗੇ।’ ਇਸ ਬਾਰੇ ਜਲ ਸਪਲਾਈ ਦੇ ਐਕਸੀਅਨ ਰਾਜੀਵ ਕਪੂਰ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਕੋਲ 36 ਮਹੀਨੇ ਹਨ ਪਰ ਕੰਮ ਸ਼ੁਰੂ ਹੋਏ ਨੂੰ ਕਾਫ਼ੀ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ 10 ਫ਼ੀਸਦੀ ਕੰਮ ਹੀ ਪੂਰਾ ਹੋ ਪਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਪ੍ਰਾਜੈਕਟ ਅੰਮ੍ਰਿਤ ਫ਼ੰਡ ਤਹਿਤ ਕੀਤਾ ਜਾ ਰਿਹਾ ਹੈ।