ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਸਤੰਬਰ
ਪੰਜਾਬੀ ਦੇ ਸਿਰਮੌਰ ਸ਼ਾਇਰ ਸੱਯਦ ਵਾਰਿਸ ਸ਼ਾਹ ਦਾ 300 ਸਾਲਾ ਮਨਾਉਣ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਉਲੀਕੀ ਗਈ ਪ੍ਰੋਗਰਾਮ ਲੜੀ ਦੀ ਸ਼ੁਰੂਆਤ ਹੋ ਗਈ ਹੈ। ਇਸੇ ਕੜੀ ਵਜੋਂ ਡਿਸਟੈਂਸ ਵਿਭਾਗ ਵਿੱਚ ਹੋਏ ਪਹਿਲੇ ਸਮਾਗਮ ਦੌਰਾਨ ਵਾਰਿਸ ਸ਼ਾਹ ਵੱਲੋਂ ਰਚਿਤ ਪੋਥੀ ‘ਹੀਰ ਵਾਰਿਸ’ ਦੇ ਵਿਸ਼ੇਸ਼ ਪ੍ਰਸੰਗ ਵਿੱਚ ਚਿੰਤਕ ਪ੍ਰੋ. ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਇਹ ਪੋਥੀ ਸਾਨੂੰ ਪੰਜਾਬ ਨਾਲ ਪਿਆਰ ਕਰਨ ਦੇ ਕਾਰਨਾਂ ਵੱਲ ਲੈ ਕੇ ਜਾਂਦੀ ਹੈ।
ਪ੍ਰੋ. ਸੁਮੇਲ ਸਿੱਧੂ ਨੇ ਕਿਹਾ ਕਿ ‘ਹੀਰ ਵਾਰਿਸ’ ਵਿੱਚ ਪੰਜਾਬੀ ਲੋਕਾਈ ਨੂੰ ਸੇਧ ਦੇਣ ਦੀ ਅਥਾਹ ਸਮਰੱਥਾ ਹੈ ਪਰ ਪੰਜਾਬੀ ਚਿੰਤਨ ਨੇ ਇਸ ਪੋਥੀ ਨਾਲ ਵਧੇਰੇ ਸੰਤੋਸ਼ਜਨਕ ਸਲੂਕ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਪੋਥੀ ਦੀ ਸਮਰੱਥਾ ਨੂੰ ਪੂਰਾ ਨਹੀਂ ਪਛਾਣ ਸਕੇ ਹਾਂ। ਬਲਕਿ ਕੁਝ ਅਧਿਐਨ ਸਕੂਲਾਂ ਵੱਲੋਂ ਇਸ ਬਾਰੇ ਪੇਤਲੇ ਪੱਧਰ ਦਾ ਅਧਿਐਨ ਕਰਦਿਆਂ ਬਹੁਤ ਸਾਰੀਆਂ ਗ਼ਲਤ ਧਾਰਨਾਵਾਂ ਨੂੰ ਪ੍ਰਚਾਰਿਆ ਜਾਂਦਾ ਰਿਹਾ ਹੈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਡੀਨ ਭਾਸ਼ਾਵਾਂ ਪ੍ਰੋ. ਰਾਜਿੰਦਰਪਾਲ ਬਰਾੜ ਅਤੇ ਡਿਸਟੈਂਸ ਵਿਭਾਗ ਦੇ ਮੁਖੀ ਡਾ. ਸਤਨਾਮ ਸੰਧੂ ਨੇ ਆਪਣੇ ਵਿਚਾਰ ਪ੍ਰਗਟਾਏ।