ਘੱਗਾ: ਹਲਕਾ ਸ਼ੁਤਰਾਣਾ ਵਿੱਚ ਸਮਾਜਿਕ, ਆਰਥਿਕ, ਰਾਜਨੀਤਿਕ ਪਰਿਵਰਤਨ ਜਾਗਰੂਕਤਾ ਲਹਿਰ ਚਲਾ ਕੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰ ਰਹੇ ਡਾ. ਜਤਿੰਦਰ ਸਿੰਘ ਮੱਟੂ ਵੱਲੋਂ ਘੱਗਾ ’ਚ ਨੌਜਵਾਨਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਾ. ਮੱਟੂ ਨੇ ਕਿਹਾ ਕਿ ਹਲਕਾ ਸ਼ੁਤਰਾਣਾ ਪਹਿਲਾਂ ਹੀ ਪਛੜਿਆ ਹੋਇਆ ਹੈ, ਇਸ ਲਈ ਨਵੀਂ ਸਰਕਾਰ ਨੂੰ ਹਲਕੇ ਸ਼ੁਤਰਾਣੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਹਲਕੇ ਦੇ ਪਿੰਡ-ਪਿੰਡ ਘਰ-ਘਰ ਜਾ ਕੇ ਆਮ ਲੋਕਾਂ ਦੀਆਂ ਲੋੜਾਂ ਅਤੇ ਮੁਸ਼ਕਿਲਾਂ ਦਾ ਖਾਕਾ ਤਿਆਰ ਕਰਨਗੇ ਤਾਂ ਜੋ ਸਮੇਂ-ਸਮੇਂ ਹਲਕੇ ਦੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਅਤੇ ਸਮੱਸਿਆਵਾਂ ਸਰਕਾਰੇ-ਦਰਬਾਰੇ ਪਹੁੰਚਾ ਕੇ ਹੱਲ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਹਲਕੇ ਦੇ ਅਣਗਿਣਤ ਲੋਕ ਔਕੜਾਂ ਨਾਲ ਘਿਰੇ ਹੋਏ ਹਨ। – ਪੱਤਰ ਪ੍ਰੇਰਕ