ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 9 ਅਕਤੂਬਰ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਅਨਾਜ ਮੰਡੀ ਬਲਬੇੜਾ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਝੋਨੇ ਦੀ ਖਰੀਦ ਸਬੰਧੀ ਆੜ੍ਹਤੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਖ਼ਰੀਦ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਝੋਨਾ ਵੇਚਣ ਸਮੇਂ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਾ. ਕਰਮ ਸਿੰਘ ਰਾਜਗੜ, ਕਰਮ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਬਲਬੇੜਾ, ਜ਼ਿਲ੍ਹਾ ਪ੍ਰਧਾਨ ਹੈਪੀ ਪਹਾੜੀਪੁਰ, ਪ੍ਰਧਾਨ ਕੁਲਵੰਤ ਬਲਬੇੜਾ, ਆੜ੍ਹਤੀ ਕਿਸ਼ੋਰੀ ਲਾਲ, ਵਲੈਤੀ ਰਾਮ ਪੰਜੋਲਾ, ਬਖਸ਼ੀਸ਼ ਸਿੰਘ ਬਲਬੇੜਾ, ਰਿੰਕੂ ਚੁਰਾਸੋ, ਕਰਨ ਕੱਕੇਪੁਰ, ਰਵਿੰਦਰ ਬਾਜਵਾ, ਹਰਮੇਸ਼ ਸਿੰਘ ਮਰਦਾਹੇੜੀ ਤੋਂ ਇਲਾਵਾ ਆੜ੍ਹਤੀ ਅਤੇ ਕਿਸਾਨ ਮੌਜੂਦ ਸਨ।
ਪਟਿਆਲਾ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਇੱਕ ਲੱਖ ਮੀਟਰਿਕ ਟਨ ਤੋਂ ਪਾਰ
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ’ਚ ਮੌਜੂਦਾ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਆਮਦ 1 ਲੱਖ ਮੀਟਰਿਕ ਟਨ ਤੋਂ ਪਾਰ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 106 ਮੰਡੀਆਂ ਵਿੱਚੋਂ 77 ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਈ ਹੈ। ਹੁਣ ਤੱਕ ਮੰਡੀਆਂ ’ਚ ਹੋਈ ਝੋਨੇ ਦੀ 1,02,856 ਮੀਟਰਿਕ ਟਨ ਆਮਦ ਵਿੱਚੋਂ 96,779 ਮੀਟਰਿਕ ਟਨ ਝੋਨੇ ਦੀ ਫ਼ਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਖ਼ਰੀਦੇ ਗਏ ਝੋਨੇ ਵਿੱਚੋਂ ਪਨਗਰੇਨ ਵੱਲੋਂ 39816 ਮੀਟਰਿਕ ਟਨ, ਮਾਰਕਫੈੱਡ ਵੱਲੋਂ 18175 ਮੀਟਰਿਕ ਟਨ, ਪਨਸਪ ਵੱਲੋਂ 24022 ਮੀਟਰਿਕ ਟਨ ਅਤੇ ਪੰਜਾਬ ਰਾਜ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 14766 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।