ਖੇਤਰੀ ਪ੍ਰਤੀਨਿਧ
ਪਟਿਆਲਾ, 18 ਨਵੰਬਰ
‘ਡੋਨਾਲਡ ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਭਾਰਤ ਦੀ ਅਰਥਿਕਤਾ ਨੂੰ ਚੰਗਾ ਹੁਲਾਰਾ ਮਿਲੇਗਾ।’ ਇਸ ਗੱਲ ਦਾ ਪ੍ਰਗਟਾਵਾ ਪੰਜ ਦਹਾਕਿਆਂ ਤੋਂ ਅਮਰੀਕਾ ’ਚ ਰਹਿ ਰਹੇ ਪਟਿਆਲਾ ਦੇ ਅਰਬਪਤੀ ਸਿੱਖ ਆਗੂ ਦਰਸ਼ਨ ਸਿੰਘ ਧਾਲੀਵਾਲ ਨੇ ਕੀਤਾ। ਉਨ੍ਹਾਂ ਨੇ ਟਰੰਪ ਕੋਲ ਅਮਰੀਕਾ ਦੇ ਸਿੱਖ ਮਸਲੇ ਉਠਾਉਣ ਅਤੇ ਇਨ੍ਹਾਂ ਨੂੰ ਹੱਲ ਕਰਵਾਉਣ ਦੀ ਗੱਲ ਵੀ ਆਖੀ। ਉਹ ਆਪਣੇ ਪਿਤਾ ਸਮਾਜ ਸੈਵੀ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੀ 19 ਨਵਬੰਰ ਨੂੰ ਉਨ੍ਹਾਂ ਦੇ ਪਟਿਆਲਾ ਨੇੜਲੇ ਪਿੰਡ ਰੱਖੜਾ ਵਿੱਚ ਮਨਾਈ ਜਾ ਰਹੀ 28ਵੀਂ ਬਰਸੀ ਦੇ ਤਹਿਤ ਅਮਰੀਕਾ ਤੋਂ ਇਥੇ ਆਏ ਹੋਏ ਹਨ। ਉਹ ਅੱਜ ਰੱਖੜਾ ਪਿੰਡ ’ਚ ਸਥਿਤ ਰੱਖੜਾ ਪਰਿਵਾਰ ਦੀ ਰਿਹਾਹਿਸ਼ ’ਤੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਟਰੰਪ ਦੇ ਸਿੱਖ ਭਾਈਚਾਰੇ ਨਾਲ ਚੰਗੇ ਸਬੰਧ ਹਨ। ਇਸ ਕਰਕੇ ਸਿੱਖ ਭਾਈਚਾਰਾ ਅਮਰੀਕਾ ਰਹਿੰਦੇ ਸਿੱਖਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਧਿਆਨ ’ਚ ਲਿਆ ਕੇ ਇਨ੍ਹਾਂ ਦਾ ਹੱਸ ਵੀ ਯਕੀਨੀ ਬਣਾਉਣਗੇ।ਦਰਸ਼ਨ ਧਾਲੀਵਾਲ ਨੇ ਹੋਰ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਸ੍ਰੀ ਟਰੰਪ ਦੇ ਨੇੜਲੇ ਅਤੇ ਚੰਗੇ ਸਬੰਧ ਹਨ, ਜਿਸ ਦਾ ਲਾਹਾ ਵੀ ਭਾਰਤ ਨੂੰ ਮਿਲੇਗਾ। ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਮੋਦੀ ਅਤੇ ਟਰੰਪ ਸਬੰਧਾਂ ਦਾ ਭਾਰਤ ਦੀ ਅਰਥਿਕ ਵਿਵਸਥਾ ਨੂੰ ਚੱਗਾ ਹੁਲਾਰਾ ਆਵੇਗਾ।