ਪੱਤਰ ਪ੍ਰੇਰਕ
ਰਾਜਪੁਰਾ, 3 ਸਤੰਬਰ
ਇੱਥੋਂ ਰੇਲਵੇ ਸਟੇਸ਼ਨ ’ਤੇ ਅੱਜ ਸਵੇਰੇ ਅੰਮ੍ਰਿਤਸਰ ਤੋਂ ਤਖ਼ਤ ਸ਼੍ਰੀ ਹਜੂਰ ਸਾਹਿਬ (ਨਾਂਦੇੜ) ਨੂੰ ਚੱਲਣ ਵਾਲੀ ਸੱਚਖੰਡ ਐਕਸਪ੍ਰੈੱਸ ਰੇਲਗੱਡੀ ਦੇ ਪੁੱਜਣ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਤੇ ਹੋਰਨਾਂ ਸ਼ਰਧਾਲੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਰੇਲਗੱਡੀ ਦੇ ਸਟੇਸ਼ਨ ’ਤੇ ਰੁਕਣ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਲਾਲ ਸਿੰਘ ਮਰਦਾਂਪੁਰ, ਭਾਈ ਅਬਰਿੰਦਰ ਸਿੰਘ ਕੰਗ, ਐਡਵੋਕੇਟ ਸੁਬੇਗ ਸਿੰਘ ਸੰਧੂ ਅਤੇ ਸੁਖਜੀਤ ਸਿੰਘ ਬਘੌਰਾ ਸਮੇਤ ਹੋਰਨਾਂ ਵੱਲੋਂ ਸਟੇਸ਼ਨ ਮਾਸਟਰ ਭਰਤ ਲਾਲ ਮੀਨਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਇਹ ਰੇਲਗੱਡੀ ਕਰੋਨਾ ਕਾਲ ਦੌਰਾਨ ਵਾਇਆ ਚੰਡੀਗੜ੍ਹ, ਲੁਧਿਆਣਾ ਤੋਂ ਚੱਲ ਰਹੀ ਸੀ ਜੋ ਹੁਣ ਵਾਇਆ ਅੰਬਾਲਾ, ਰਾਜਪੁਰਾ, ਸਰਹਿੰਦ ਅਤੇ ਲੁਧਿਆਣਾ ਤੋਂ ਚੱਲੇਗੀ। ਸੱਚਖੰਡ ਐਕਸਪ੍ਰੈੱਸ ਦੇ ਇਸ ਰੂਟ ’ਤੇ ਚੱਲਣ ਨਾਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਸੰਗਰੂਰ ਅਤੇ ਪਟਿਆਲਾ ਦੇ ਸ਼੍ਰੀ ਹਜੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਤੋਂ ਕਲਕੱਤਾ ਵਾਇਆ ਪਟਨਾ ਸਾਹਿਬ ਚੱਲਦੀ ਐਕਸਪ੍ਰੈੱਸ ਰੇਲਗੱਡੀ ਦਾ ਰਾਜਪੁਰਾ ਦੇ ਰੇਲਵੇ ਸਟੇਸ਼ਨ ’ਤੇ ਠਹਿਰਾਅ ਕੀਤਾ ਜਾਵੇ। ਇਸ ਮੌਕੇ ਮਨਜੀਤ ਸਿੰਘ ਘੁੰਮਾਣਾ, ਗੁਰਦੇਵ ਸਿੰਘ ਢਿੱਲੋਂ ਤੇ ਭੁਪਿੰਦਰ ਸਿੰਘ ਸ਼ੇਖੂਪੁਰ ਸਮੇਤ ਹੋਰ ਮੌਜੂਦ ਸਨ।