ਪੱਤਰ ਪ੍ਰੇਰਕ
ਦੇਵੀਗੜ੍ਹ, 5 ਅਗਸਤ
ਪਿਛਲੇ ਦਿਨੀਂ ਹੋਈਆਂ ਏਸ਼ੀਆ ਖੇਡਾਂ ਵਿੱਚ ਬਾਕਸਿੰਗ ਵਿੱਚ ਹਲਕਾ ਸਨੌਰ ਦੇ ਪਿੰਡ ਸ਼ਾਦੀਪੁਰ ਦੇ ਕੁਲਦੀਪ ਬਾਕਸਰ ਨੇ ਵਧੀਆ ਪ੍ਰਦਰਸ਼ਨ ਕੀਤਾ, ਜਿਸਦਾ ਪਿੰਡ ਪਹੁੰਚਣ ’ਤੇ ਭਲਵਾਨ ਗਰੁੱਪ ਅਤੇ ਪਿੰਡ ਵਾਸੀਆਂ ਵਲੋਂ ਨਿੱਘਾ ਸੁਆਗਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਵਾਸੀ ਪਿੰਡ ਸ਼ਾਦੀਪੁਰ ਨੇ ਦੱਸਿਆ ਕਿ ਏਸ਼ੀਆ ਖੇਡਾਂ ਦੌਰਾਨ ਉਨ੍ਹਾਂ ਨੂੰ ਆਸਟਰੇਲੀਆ ਜਾ ਕੇ ਖੇਡਣ ਦਾ ਮੌਕਾ ਮਿਲਿਆ, ਜਿਨ੍ਹਾਂ ਉੱਥੇ ਜਾ ਕੇ ਖੇਡਾਂ ’ਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਭਾਰਤ ਵੱਲੋਂ ਖੇਡਦੇ ਹੋਏ ਏਸ਼ੀਆ ਪੱਧਰ ’ਤੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਅੱਜ ਪਿੰਡ ਪਹੁੰਚਣ ’ਤੇ ਵਾਈਪੀਆਈ ਭਲਵਾਨ ਗਰੁੱਪ ਵੱਲੋਂ ਉਨ੍ਹਾਂ ਨੂੰ ਖੁੱਲੀ ਜਿਪਸੀ ਰਾਹੀਂ ਪਿੰਡ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਬੈਸਟ ਬਾਕਸਰ ਦਾ ਐਵਾਰਡ ਮਿਲ ਚੁੱਕਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮੁੱਚੇ ਖਿਡਾਰੀਆਂ ਨੂੰ ਇੱਕੋ ਨਿਗ੍ਹਾ ਨਾਲ ਦੇਖੇ ਅਤੇ ਜੋ ਵੀ ਅੰਤਰ ਰਾਸ਼ਟਰੀ ਪੱਧਰ ’ਤੇ ਖੇਡ ਕੇ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਦੇ ਹਨ, ਉਨ੍ਹਾਂ ਨੂੰ ਬਰਾਬਰ ਦਾ ਮਾਣ ਸਨਮਾਨ ਦੇਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖਿਡਾਰੀਆਂ ਨੂੰ ਜ਼ਿਆਦਾ ਇਨਾਮੀ ਰਾਸ਼ੀ ਦੇਣ ਅਤੇ ਨੌਕਰੀਆਂ ਦੇਣ ਤਾਂ ਜੋ ਨੌਜਵਾਨ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਨੂੰ ਛੱਡ ਕੇ ਖੇਡਾਂ ਵੱਲ ਉਤਸ਼ਾਹਿਤ ਹੋਣ। ਉਨ੍ਹਾਂ ਕਿਹਾ ਕਿ ਭੁਨਰਹੇੜੀ, ਜੋ ਸਟੇਡੀਅਮ ਬਣਿਆ ਹੈ ਉਸ ਵਿੱਚ ਖਿਡਾਰੀਆਂ ਨੂੰ ਬਾਕਸਿੰਗ ਦੀ ਕੋਚਿੰਗ ਲਈ ਰਿੰਗ ਲਾਇਆ ਜਾਵੇ ਅਤੇ ਕੋਚ ਮੁਹੱਈਆ ਕਰਵਾਇਆ ਜਾਵੇ।
ਇਸ ਮੌਕੇ ਭਲਵਾਨ ਗਰੁੱਪ ਦੇ ਮੈਂਬਰਾਂ ਨੇ ਕੁਲਦੀਪ ਬਾਕਸਰ ਸ਼ਲਾਘਾ ਕੀਤੀ। ਇਸ ਮੌਕੇ ਅਮਿੰਦਰ ਚੀਮਾ ਸਰਪ੍ਰਸਤ ਭਲਵਾਨ ਗਰੁੱਪ, ਜੱਗਾ ਪ੍ਰਧਾਨ ਪਲਵਾਨ ਗਰੁੱਪ, ਯਾਦਵਿੰਦਰ ਚੀਮਾ, ਬਲਕਾਰ ਸਿੰਘ, ਬੂਟਾ ਸਿੰਘ ਸਰਪੰਚ, ਚਰਨਜੀਤ ਸਿੰਘ, ਜਗਤਾਰ ਸੰਧੂ, ਇੰਦਰਜੀਤ, ਗਿੱਲ ਅਲੀਪੁਰ, ਗਗਨ, ਗਿਫਟੀ, ਕੁਵੰਤ ਫਰੀਦਪੁਰ, ਬਲਵਿੰਦਰ ਚੀਮਾ, ਮਹਿੰਦਰ ਸ਼ੇਖੂਪੁਰ, ਜੱਸੀ ਦੇਵੀਗੜ੍ਹ ਆਦਿ ਵੀ ਹਾਜ਼ਰ ਸਨ।