ਸੁਭਾਸ਼ ਚੰਦਰ
ਸਮਾਣਾ, 12 ਅਪਰੈਲ
ਕੇਂਦਰ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਲਈ ਤੈਅ ਕੀਤੇ ਗਏ ਮਾਪਦੰਡ ਘਟਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਖ਼ਰੀਦ ਏਜੰਸੀਆਂ ਵੱਲੋਂ ਮਾਰਕੀਟ ਕਮੇਟੀ ਸਮਾਣਾ ਅਧੀਨ ਆਉਂਦੀ ਮੁੱਖ ਅਨਾਜ ਮੰਡੀ ਅਤੇ 19 ਖਰੀਦ ਕੇਂਦਰਾਂ ’ਚ ਕਣਕ ਦੀ ਬੋਲੀ ਅੱਜ ਸਾਰਾ ਦਿਨ ਬੰਦ ਰੱਖੀ ਗਈ। ਇਸ ਤੋਂ ਬਾਅਦ ਭਾਰਤੀ ਖੁਰਾਕ ਨਿਗਮ ਚੰਡੀਗੜ੍ਹ ਤੋਂ ਕੁਆਲਿਟੀ ਹੈੱਡ ਕੰਟਰੋਲਰ ਮੋਹਨ ਲਾਲ ਦੀ ਅਗਵਾਈ ਹੇਠ ਕੁਆਲਿਟੀ ਕੰਟਰੋਲ ਅਸ਼ੋਕ ਕੁਮਾਰ ਅਤੇ ਏਜੀਐੱਮ ਦੀਪਾ ਸਿੰਘ ਸਣੇ ਚਾਰ ਮੈਂਬਰੀ ਐੱਫਸੀਆਈ ਟੀਮ ਨੇ ਅਨਾਜ ਮੰਡੀ ਸਮਾਣਾ ਪਹੁੰਚ ਕੇ ਕਣਕ ਜਾਂਚ ਲਈ ਸੈਂਪਲ ਇਕੱਠੇ ਕੀਤੇ। ਮੰਡੀ ’ਚ ਆਏ ਕਿਸਾਨਾਂ ਨੇ ਦੱਸਿਆ ਕਿ ਉਹ ਸਰਕਾਰੀ ਹੁਕਮਾਂ ਅਨੁਸਾਰ ਕਣਕ ਸੁਕਾ ਕੇ ਮੰਡੀਆਂ ’ਚ ਲਿਆਏ ਹਨ ਪ੍ਰੰਤੂ ਮੰਗਲਵਾਰ ਸਵੇਰੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਬੋਲੀ ਬੰਦ ਕਰ ਦਿੱਤੇ ਜਾਣ ਕਾਰਨ ਉਹ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਖੁਰਾਕ ਸਪਲਾਈ ਅਧਿਕਾਰੀ ਨਿਖਿਲ ਵਾਲੀਆ ਨੇ ਦੱਸਿਆ ਕਿ ਕੇਂਦਰ ਦੀ ਖ਼ਰੀਦ ਏਜੰਸੀ ਐੱਫਸੀਆਈ ਵੱਲੋਂ ਕਣਕ ਦੀ ਖ਼ਰੀਦ ਲਈ ਰੱਖੀਆਂ ਸ਼ਰਤਾਂ ਕਾਫ਼ੀ ਸਖ਼ਤ ਹਨ ਪ੍ਰੰਤੂ ਮੰਡੀਆਂ ’ਚ ਆ ਰਹੀ ਕਣਕ, ਮਾਜੂ ਅਤੇ ਘਟੀਆ ਦਾਣੇ ਦੀ ਮਾਤਰਾ ਵੱਧ ਹੋਣ ਕਾਰਨ ਮਾਪਦੰਡਾਂ ’ਤੇ ਪੂਰੀ ਨਹੀਂ ਉਤਰਦੀ, ਇਸ ਲਈ ਖ਼ਰੀਦ ਏਜੰਸੀ ਦੇ ਅਧਿਕਾਰੀਆਂ ਨੇ ਜ਼ਿੰਮੇਵਾਰੀ ਨਾ ਲੈਂਦੇ ਹੋਏ ਮੰਡੀਆਂ ’ਚ ਕਣਕ ਦੀ ਖ਼ਰੀਦ ਲਈ ਬੋਲੀ ਸ਼ੁਰੂ ਨਹੀਂ ਕੀਤੀ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ ਹੈ।