ਗੁਰਨਾਮ ਸਿੰਘ ਚੌਹਾਨ
ਪਾਤੜਾਂ, 30 ਜੂਨ
ਪਨਗ੍ਰੇਨ ਦੇ ਪਾਤੜਾਂ ਸਥਿਤ ਦਰਜਨ ਦੇ ਕਰੀਬ ਗੁਦਾਮਾਂ ’ਚ ਹੋਏ ਕਰੋੜਾਂ ਰੁਪਏ ਦੇ ਕਣਕ ਘੁਟਾਲੇ ‘ਚ ਨਾਮਜ਼ਦ ਸਹਾਇਕ ਫੂਡ ਸਪਲਾਈ ਅਫਸਰ ਪਾਤੜਾਂ ਮਨਜੀਤ ਸਿੰਘ ਵੱਲੋਂ ਸੈਸ਼ਨ ਕੋਰਟ ਪਟਿਆਲਾ ਵਿੱਚ ਅਗਾਊਂ ਜ਼ਮਾਨਤ ਲਾਈ ਦਾਖ਼ਲ ਕੀਤੀ ਗਈ ਅਰਜ਼ੀ ’ਤੇ ਸੁਣਵਾਈ ਅੱਗੇ ਪੈ ਗਈ ਹੈ। ਦੂਜੇ ਪਾਸੇ ਜ਼ਿਲ੍ਹਾ ਪੁਲੀਸ ਮੁਖੀ ਪਟਿਆਲਾ ਨੇ ਪਨਗ੍ਰੇਨ ਦੇ ਇੰਸਪੈਕਟਰ ਮਨੋਜ ਮਿੱਤਲ ਦਾ 3 ਦਿਨਾ ਰਿਮਾਂਡ ਮਿਲਣ ਮਗਰੋਂ ਹੋਰ ਪੁੱਛਗਿੱਛ ਲਈ ਕੇਸ ਸੀਆਈਏ ਸਟਾਫ ਪਟਿਆਲਾ ਦੇ ਹਵਾਲੇ ਕਰ ਦਿੱਤਾ ਹੈ। ਇਸੇ ਦੌਰਾਨ ਤਫਤੀਸ਼ ਦੇ ਚਲਦਿਆਂ ਤਿਆਰ ਕੀਤੀ ਚਾਲੂ ਰਿਪੋਰਟ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਬਾਅਦ ਨਾਮਜ਼ਦ ਕੀਤੇ ਜਾਣ ਵਾਲੇ ਪਾਤੜਾਂ ਦੇ 7 ਆੜ੍ਹਤੀਆਂ ਦੇ ਨਾਂਅ ਜਨਤਕ ਹੋਣ ’ਤੇ ਸ਼ਹਿਰ ਵਿੱਚ ਖਲਬਲੀ ਮੱਚ ਗਈ ਹੈ।
ਕਣਕ ਘੁਟਾਲੇ ਵਿੱਚ ਨਾਮਜ਼ਦ ਕੀਤੇ ਏਐੱਸਐੱਫਓ ਮਨਜੀਤ ਸਿੰਘ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਸੈਸ਼ਨ ਕੋਰਟ ਪਟਿਆਲਾ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ। ਸੈਸ਼ਨ ਜੱਜ ਪਟਿਆਲਾ ਨੇ ਉਸ ਦੀ ਸੁਣਵਾਈ 7 ਜੁਲਾਈ ਤੱਕ ਅੱਗੇ ਪਾ ਦਿੱਤੀ ਹੈ। ਦੱਸਣਯੋਗ ਹੈ ਕਿ ਸ਼ਹਿਰ ਦੇ ਕੁਝ ਲੋਕਾਂ ਵੱਲੋਂ ਉਕਤ ਕੇਸ ਵਿੱਚ ਪੁਲੀਸ ਵੱਲੋਂ ਢਿੱਲ ਵਰਤਣ ਅਤੇ ਆਤਮ ਸਮਰਪਣ ਕਰਨ ਵਾਲੇ ਮਨੋਜ ਮਿੱਤਲ ਦਾ ਹੋਰ ਰਿਮਾਂਡ ਨਾ ਲੈਣ ਦਾ ਖਦਸ਼ਾ ਜ਼ਾਹਰ ਕੀਤਾ ਸੀ। ਚਾਰ ਦਿਨਾਂ ਦਾ ਰਿਮਾਂਡ ਖ਼ਤਮ ਹੋਣ ’ਤੇ ਜੁਡੀਸ਼ਲ ਕੋਰਟ ਸਮਾਣਾ ਨੇ ਪੁਲੀਸ ਦੀ ਮੰਗ ਉੱਤੇ ਮੁਲਜ਼ਮ ਮਨੋਜ ਮਿੱਤਲ ਨੂੰ 3 ਦਿਨਾਂ ਦੇ ਪੁਲੀਸ ਰਿਮਾਂਡ ਭੇਜ ਦਿੱਤੇ ਜਾਣ ’ਤੇ ਜ਼ਿਲ੍ਹਾ ਪੁਲੀਸ ਮੁਖੀ ਨੇ ਹੋਰ ਪੁੱਛਗਿੱਛ ਲਈ ਕੇਸ ਸੀਆਈਏ ਸਟਾਫ਼ ਪਟਿਆਲਾ ਦੇ ਹਵਾਲੇ ਕਰ ਦਿੱਤਾ ਹੈ। ਹੁਣ ਪੜਤਾਲ ਐਸਪੀ (ਡੀ) ਪਟਿਆਲਾ ਦੀ ਦੇਖ ਰੇਖ ਹੇਠ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਰਿਪੋਰਟ ਅਨੁਸਾਰ ਨਰਿੰਦਰ ਕੁਮਾਰ, ਜਸਪਾਲ ਕੁਮਾਰ, ਰਾਕੇਸ਼ ਕੁਮਾਰ ਉਰਫ਼ ਨੀਟੂ, ਪ੍ਰਸ਼ੋਤਮ ਕੁਮਾਰ, ਅੰਮ੍ਰਿਤ ਕੁਮਾਰ, ਅਮਿਤ ਜੈਨ, ਅਤੇ ਨਿਸ਼ਾਂਤ ਕੁਮਾਰ ਆਦਿ ਦੇ ਨਾਮ ਸ਼ਾਮਿਲ ਹਨ। ਵਾਇਰਲ ਹੋਈ ਰਿਪੋਰਟ ਸਬੰਧੀ ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਉੱਚ ਅਧਿਾਰੀਆਂ ਦੀਆਂ ਹਦਾਇਤਾਂ ’ਤੇ ਸਾਰੀ ਪੜਤਾਲ ਨੂੰ ਗੁਪਤ ਰੱਖਿਆ ਜਾ ਰਿਹਾ ਸੀ, ਬੀਤੇ ਦਿਨ ਉਕਤ ਕੇਸ ਨਾਲ ਸਬੰਧਤ ਦਸਤਾਵੇਜ਼ ਕਿਸੇ ਨੇ ਅਦਾਲਤ ਵਿੱਚੋਂ ਲੈ ਕੇ ਲੀਕ ਕੀਤੇ ਹਨ।
ਥਾਣਾ ਪਾਤੜਾਂ ਦੇ ਮੁਖੀ ਪ੍ਰਕਾਸ਼ ਮਸੀਹ ਨੇ ਕਿਹਾ ਕਿ ਕਣਕ ਘੁਟਾਲੇ ਨਾਲ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੁੜੀਆਂ ਕੁਝ ਫਰਮਾਂ ਦੇ ਨਾਮ ਉਨ੍ਹਾਂ ਕੋਲ ਜ਼ਰੂਰ ਹਨ ਪਰ ਇਨ੍ਹਾਂ ਵਿੱਚੋਂ ਘੁਟਾਲੇ ਨਾਲ ਜੁੜੇ ਵਿਅਕਤੀਆਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਕੇਸ ਵਿੱਚ ਨਾਮਜ਼ਦ ਕਰਨ ਲਈ ਪੁਲੀਸ ਦੇ ਉੱਚ ਅਧਿਕਾਰੀਆਂ ਦੀ ਦੇਖ ਰੇਖ ਹੇਠ ਪੜਤਾਲ ਚੱਲ ਰਹੀ ਹੈ ਉਨ੍ਹਾਂ ਵੱਲੋਂ ਹੁਕਮ ਹੋਣ ਤੇ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕਰ ਲਿਆ ਜਾਵੇਗਾ ਪਰ ਉਹ ਇਸ ਬਾਰੇ ਕੁੱਝ ਦੱਸ ਨਹੀਂ ਸਕਦੇ।