ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਮਾਰਚ
ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਪਟਿਆਲਾ ਰਿਆਸਤ ਦੇ ਵਾਰਸ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਰਸਮੀ ਤੌਰ ’ਤੇ ਸਹੁੰ ਚੁੱਕ ਕੇ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਲੋਕ ਸੇਵਾ ਵੱਲ ਮੁਹਾਰਾਂ ਮੋੜ ਲਈਆਂ ਹਨ। ਆਮ ਤੌਰ ’ਤੇ ਸਕੂਟਰੀ ਤੇ ਪ੍ਰਚਾਰ ਕਰਨ ਵਾਲੇ ਅਜੀਤਪਾਲ ਕੋਹਲੀ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਉਹ ਸ਼ਾਹੀ ਸ਼ਹਿਰ ਦੇ ਵਾਸੀਆਂ ਦੀ ਸੇਵਾ ਹਮੇਸ਼ਾ ਹਾਜ਼ਰ ਰਹਿਣਗੇ।
ਉਨ੍ਹਾਂ ਅੱਜ ਇਹ ਵੀ ਕਿਹਾ ਕਿ ਪਟਿਆਲਾ ਸ਼ਹਿਰ ਤੋਂ ਜਿੱਤਾਂ ਪ੍ਰਾਪਤ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਲਈ ਹੀ ਆਪਣੇ ਮੋਤੀ ਮਹਿਲ ਦੇ ਦਰਵਾਜ਼ੇ ਬੰਦ ਕਰ ਰੱਖੇ ਸਨ ਪਰ ਉਹ ਹਮੇਸ਼ਾ ਪਟਿਆਲਾ ਵਾਸੀਆਂ ਨਾਲ ਰਹਿਣਗੇ। ਉਨ੍ਹਾਂ ਕਿਹਾ,‘ਅਸੀਂ ਦੇਖਿਆ ਹੈ ਕਿ ਅਮਰਿੰਦਰ ਦੇ ਰਾਜ ਵਿੱਚ ਪਟਿਆਲਾ ਵਿੱਚ ਕਿਤੇ ਧਰਨੇ ਹੋ ਰਹੇ ਸਨ ਕਿਤੇ ਮੁਜ਼ਾਹਰੇ, ਕਿਤੇ ਮੁਲਾਜ਼ਮ ਟੈਂਕੀਆਂ ’ਤੇ ਚੜ੍ਹ ਕੇ ਆਪਣੀਆਂ ਮੰਗਾਂ ਮਨਾਉਣ ਲਈ ਸੰਘਰਸ਼ ਕਰ ਰਹੇ ਸਨ ਪਰ ਮੇਰਾ ਪਹਿਲਾ ਕੰਮ ਹੋਵੇਗਾ ਕਿ ਪਟਿਆਲਾ ਵਿੱਚ ਹੁਣ ਮੁਲਾਜ਼ਮਾਂ ਨੂੰ ਕੋਈ ਔਖ ਨਾ ਹੋਵੇ ਅਜਿਹਾ ਸਮਾਂ ਨਾ ਹੀ ਆਵੇ ਕਿ ਉਹ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋਣ। ਹੁਣ ਮੁਲਾਜ਼ਮਾਂ ਦੀ ਆਪਣੀ ਸਰਕਾਰ ਹੈ, ਆਮ ਲੋਕਾਂ ਦੀ ਸਰਕਾਰ ਹੈ।’