ਪੱਤਰ ਪ੍ਰੇਰਕ
ਦੇਵੀਗੜ੍ਹ, 5 ਜਨਵਰੀ
‘ਸਨੌਰ ਹਲਕਾ ਵਾਸੀਆਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰ ਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਿਹਤ, ਸਿੱਖਿਆ ਅਤੇ ਰੁਜ਼ਗਾਰ ਲਈ ਖਾਸ ਕਦਮ ਚੁੱਕੇ ਜਾਣਗੇ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਲੋਕ ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਵੱਖ ਵੱਖ ਪਿੰਡਾਂ ਦੇ ਕੀਤੇ ਦੌਰੇ ਦੌਰਾਨ ਹਲਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਬਿਕਰਮ ਚਹਿਲ ਨੇ ਕਿਹਾ ਕਿ ਸਨੌਰ ਹਲਕੇ ਦੇ ਲੋਕਾਂ ਨੂੰ ਪੀਣ ਦੇ ਲਈ ਸਾਫ਼ ਪਾਣੀ ਵੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਹ ਹਲਕਾ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਾਉਣ ਦੇ ਲਈ ਯਤਨ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਪੂਰੀ ਕੋਸ਼ਿਸ਼ ਕਰਨਗੇ।
ਭਾਜਪਾ ਆਗੂਆਂ ਨੇ ਚਹਿਲ ਦੀ ਚੋਣ ਮੁਹਿੰਮ ਭਖਾਈ
ਸਨੌਰ: ਸਨੌਰ ਹਲਕੇ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਅੱਜ ਹਲਕੇ ਵਿੱਚ ਪੈਂਦੇ ਭਾਜਪਾ ਦੇ ਚਾਰੇ ਮੰਡਲਾਂ ਦੇ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਅਤੇ ਉਨ੍ਹਾਂ ਦੀ ਟੀਮ ਨਾਲ ਮੀਟਿੰਗ ਕਰਕੇ ਮੋਰਚਾ ਸੰਭਾਲ ਲਿਆ ਹੈ। ਮੀਟਿੰਗ ਵਿੱਚ ਸਨੌਰ ਮੰਡਲ, ਦੇਵੀਗੜ੍ਹ ਮੰਡਲ, ਬਹਾਦਰਗੜ੍ਹ, ਬਲਬੇੜਾ ਮੰਡਲ ਦੇ ਪ੍ਰਧਾਨਾਂ, ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਨੌਰ ਮੰਡਲ ਦੇ ਪ੍ਰਧਾਨ ਭਰਤ ਗੋਇਲ, ਬਲਬੇੜਾ ਮੰਡਲ ਦੇ ਪ੍ਰਧਾਨ ਰਮੇਸ਼ਵਰ ਸ਼ਰਮਾ,ਬਹਾਦਰਗੜ੍ਹ ਮੰਡਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੋਂ ਇਲਾਵਾ ਹਰਦੀਪ ਸਿੰਘ ਕਾਰਜਕਾਰੀ ਮੈਂਬਰ ਸਨੌਰ ਮੰਡਲ, ਤੇ ਅੰਕੁਰ ਸਿੰਗਲਾ ਮੀਤ ਪ੍ਰਧਾਨ ਸਨੌਰ ਨੇ ਸ਼ਮੂਲੀਅਤ ਕੀਤੀ। ਭਾਜਪਾ ਪੰਜਾਬ ਦੇ ਬੁਲਾਰੇ ਭੁਪੇਸ਼ ਅਗਰਵਾਲ ਵੀ ਪਹੁੰਚੇ ਹੋਏ ਸਨ। -ਖੇਤਰੀ ਪ੍ਰਤੀਨਿਧ