ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 8 ਅਪਰੈਲ
ਪੰਜਾਬ ਵਿੱਚ 10 ਮਾਰਚ ਨੂੰ ਹੋਈ ਸੱਤਾ ਤਬਦੀਲੀ ਦਾ ਅਸਰ ਰਾਜਪੁਰਾ ਦੇ ਬਾਜ਼ਾਰਾਂ ਵਿੱਚ ਨਗਰ ਕੌਂਸਲ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਹਟਾਏ ਜਾ ਰਹੇ ਨਾਜਾਇਜ਼ ਕਬਜ਼ਿਆਂ ਤੋਂ ਪ੍ਰਤੱਖ ਦਿਸਣ ਲੱਗਿਆ ਹੈ। ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਦੁਕਾਨਦਾਰਾਂ ਦੇ ਸੜਕਾਂ ’ਤੇ ਰੱਖੇ ਗਏ ਬੈਂਚ ਤੇ ਹੋਰ ਸਾਮਾਨ ਜ਼ਬਤ ਕੀਤਾ ਜਾ ਰਿਹਾ ਹੈ ਜਿਸ ਨਾਲ ਸ਼ਹਿਰ ਦੇ ਬਾਜ਼ਾਰ ਖੁੱਲ੍ਹੇ ਖੁੱਲ੍ਹੇ ਨਜ਼ਰ ਆਉਣ ਲੱਗੇ ਹਨ। ਪ੍ਰੰਤੂ ਸਿਵਲ ਹਸਪਤਾਲ ਦੇ ਸਾਹਮਣੇ ਅਤੇ ਪਟਿਆਲਾ ਰੋਡ ਸਮੇਤ ਕੁਝ ਹੋਰਨਾਂ ਥਾਵਾਂ ’ਤੇ ਕੁਝ ਦੁਕਾਨਦਾਰਾਂ ਵੱਲੋਂ ਦੁਕਾਨਾਂ ਤੋਂ ਬਾਹਰ ਕਈ ਕਈ ਫੁੱਟ ਦੂਰ ਤੱਕ ਆਪਣਾ ਸਾਮਾਨ ਰੱਖ ਕੇ ਕੀਤੇ ਗਏ ਨਾਜਾਇਜ ਕਬਜ਼ੇ ਅਜੇ ਵੀ ਬਰਕਰਾਰ ਹਨ ਜਿਨ੍ਹਾਂ ਨੂੰ ਹਟਾਉਣ ਲਈ ਲੋਕਾਂ ਵੱਲੋਂ ਜ਼ੋਰਦਾਰ ਮੰਗ ਉਠਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਪੁਰਾ ਟਾਊਨ ਦੇ ਪ੍ਰਮੁੱਖ ਬਾਜ਼ਾਰਾਂ ਸਿਵਲ ਹਸਪਤਾਲ ਰੋਡ, ਕਸਤੂਰਬਾ ਰੋਡ, ਜਵਾਹਰ ਮਾਰਕੀਟ, ਸਾਈਕਲ ਮਾਰਕੀਟ, ਦੁਪੱਟਾ ਮਾਰਕੀਟ, ਸ਼ਹਿਰੀ ਖੇਤਰ ਵਿੱਚੋਂ ਗੁਜ਼ਰਦੀ ਕਾਲਕਾ ਰੋਡ, ਕੈਲੀਪਰ ਮਾਰਕੀਟ, ਕ੍ਰਿਸ਼ਨਾ ਮਾਰਕੀਟ, ਪਟਿਆਲਾ ਰੋਡ ਸਮੇਤ ਹੋਰਨਾਂ ਬਾਜਾਰਾਂ ਵਿੱਚ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸੜਕ ’ਤੇ ਕਈ ਕਈ ਫੁੱਟ ਦੂਰ ਤੱਕ ਸਾਮਾਨ ਰੱਖ ਕੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰਾਂ ਨੂੰ ਲੰਘਣਾ ਮੁਸ਼ਕਲ ਹੋ ਰਿਹਾ ਸੀ ਜਿਸ ਨੂੰ ਲੈ ਕੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਉਂਦੇ ਲੋਕ ਪ੍ਰਸ਼ਾਸਨ ਤੋਂ ਵਾਰ ਵਾਰ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕਰ ਰਹੇ ਸਨ। ਪ੍ਰੰਤੂ ਸਿਆਸੀ ਮਜਬੂਰੀ ਕਾਰਨ ਸੱਤਾ ’ਤੇ ਕਾਬਜ਼ ਧਿਰਾਂ ਨਾਜਾਇਜ਼ ਕਬਜ਼ੇ ਹਟਾਉਣ ਤੋਂ ਬੇਵੱਸ ਸਨ। ਪ੍ਰੰਤੂ ਹੁਣ 10 ਮਾਰਚ ਤੋਂ ਬਾਅਦ ਨਗਰ ਕੌਂਸਲ ਵੱਲੋਂ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਆਰੰਭੀ ਹੋਈ ਹੈ। ਲੋਕਾਂ ਦੀ ਮੰਗ ਹੈ ਕਿ ਸਾਰੇ ਸ਼ਹਿਰ ਨੂੰ ਨਾਜਾਇਜ਼ ਕਬਜਿ਼ਆਂ ਤੋਂ ਮੁਕਤ ਕੀਤਾ ਜਾਵੇ।
ਨਾਜਾਇਜ਼ ਕਾਬਜ਼ਕਾਰਾਂਂ ਨੂੰ ਆਦਤਾਂ ਬਦਲਣੀਆਂ ਪੈਣਗੀਆਂ: ਕਾਰਜਸਾਧਕ ਅਫ਼ਸਰ
ਇਸ ਸਬੰਧੀ ਗੱਲ ਕਰਨ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਪਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਅਤੇ ਨਾਜਾਇਜ਼ ਕਬਜ਼ੇ ਹਟਾਉੂ ਵਿੰਗ ਦੇ ਇੰਚਾਰਜ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ਵਿੱਚ ਕਰੀਬ ਢਾਈ ਦਰਜਨ ਕਰਮਚਾਰੀਆਂ ਤੇ ਕੌਂਸਲ ਵੱਲੋਂ ਅਦਾਲਤੀ ਹੁਕਮਾਂ ਅਤੇ ਇਲਾਕੇ ਦੇ ਲੋਕਾਂ ਦੀ ਮੰਗ ’ਤੇ ਸ਼ਹਿਰ ਵਿੱਚੋਂ ਨਾਜਾਇਜ ਕਬਜ਼ੇ ਹਟਾਏ ਜਾ ਰਹੇ ਹਨ ਅਤੇ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਨਾਜਾਇਜ਼ ਕਬਜ਼ਾਧਾਰੀਆਂ ਦੀ ਆਦਤ ਨਹੀਂ ਬਦਲ ਜਾਂਦੀ।