ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 24 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ ਨੇ ਪਹਿਲਾਂ ਵੀ ਭਾਵੇਂ ਦੋ ਵਾਰ ਬਾਦਲਾਂ ਨੂੰ ਛੱਡਣ ਦੀ ਰਣਨੀਤੀ ਬਣਾਈ ਸੀ, ਜੋ ਸਿਰੇ ਨਹੀਂ ਸੀ ਚੜ੍ਹ ਸਕੀ। ਪਰ ਲੰਘੇ ਪਰਸੋਂ ਸ੍ਰੀ ਰੱਖੜਾ ਨੇ ਚੰਡੀਗੜ੍ਹ ਸਥਿਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਕੋਠੀ ਤੱਕ ਬਿਨਾਂ ਭਿਣਕ ਕੱਢਿਆਂ ਪਹੁੰਚ ਕਰ ਕੇ ਆਪਣੇ ਸਿਆਸੀ ਵਲਵਲੇ ਨੂੰ ਜ਼ਾਹਿਰ ਕਰਦਿਆਂ ਆਖ਼ਰ ਬਾਦਲਾਂ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕ ਹੀ ਲਿਆ ਹੈ।
ਦੱਸਿਆ ਜਾਂਦਾ ਹੈ ਕਿ ਰਣਧੀਰ ਸਿੰਘ ਰੱਖੜਾ ਬਾਦਲਾਂ ਪਾਸੋਂ ਪਟਿਆਲਾ ‘ਦਿਹਾਤੀ’ ਵਿਧਾਨ ਸਭਾ ਹਲਕੇ ਦੀ ਟਿਕਟ ਲੈਣ ਦਾ ਕਥਿਤ ਇੱਛੁਕ ਸੀ।
ਲੌਕਡਾਊਨ ਤੋਂ ਪਹਿਲਾਂ ਪਹਿਲੀ ਵਾਰ ਜਦੋਂ ਇਸ ਆਗੂ ਨੇ ਬਾਦਲਾਂ ਨੂੰ ਛੱਡਣ ਦਾ ਐਲਾਨ ਕੀਤਾ ਸੀ ਤਾਂ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਦਲਜੀਤ ਸਿੰਘ ਚੀਮਾ ਇਸ ਦੇ ਘਰ ਮਨਾਉਣ ਲਈ ਪੁੱਜੇ ਸਨ ਜਦੋਂਕਿ ਦੂਜੀ ਵਾਰ ਵੀ ਇਸ ਆਗੂ ਨੂੰ ਸੁਰਜੀਤ ਸਿੰਘ ਰੱਖੜਾ ਤੇ ਇੱਕ ਹੋਰ ਆਗੂ ਨੇ ਭਲੋਇਆ ਸੀ। ਪਰ ਇਸ ਵਾਰ ਨਾਰਾਜ਼ ਚੱਲ ਰਹੇ ਆਗੂ ਨੇ ਕਿਸੇ ਕੋਲ ਭਿਣਕ ਨਹੀਂ ਪੈਣ ਦਿੱਤੀ। ਅਜਿਹੇ ’ਚ ਇਸ ਆਗੂ ਦੇ ਮਾਰੇ ਪਲਟੇ ’ਤੇ ਹਾਲੇ ਤਾਈਂ ਬਾਦਲਾਂ ਦੀ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ। ਰਣਧੀਰ ਸਿੰਘ ਰੱਖੜਾ ਨੇ ਦੱਸਿਆ ਕਿ ਢੀਂਡਸਾ ਦੇ ਸਿਆਸੀ ਗੁੱਟ ਨੂੰ ਪਟਿਆਲਾ ਜ਼ਿਲ੍ਹੇ ’ਚ ਮਜਬੂਤ ਰਾਹਾਂ ’ਤੇ ਪਾਉਣ ਲਈ ਉਹ ਸਿਰਤੋੜ ਯਤਨ ਕਰਨਗੇ।