ਪੱਤਰ ਪ੍ਰੇਰਕ
ਪਟਿਆਲਾ, 1 ਸਤੰਬਰ
ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਜਨ ਪ੍ਰਤੀਨਿਧੀ ਔਰਤਾਂ ਸਰਕਾਰੀ ਕੰਮ ਖ਼ੁਦ ਕਰਨਗੀਆਂ। ਪਹਿਲੀਆਂ ਸਰਕਾਰਾਂ ਵਿੱਚ ਅਕਸਰ ਇਸ ਤਰ੍ਹਾਂ ਹੁੰਦਾ ਆਇਆ ਹੈ ਕਿ ਮੰਤਰੀਆਂ ਜਾਂ ਵਿਧਾਇਕਾਂ ਨਾਲ ਰਹਿੰਦੇ ਕਈ ਸਾਰੇ ਲੋਕ ਜਨ ਪ੍ਰਤੀਨਿਧ ਔਰਤਾਂ ਦੇ ਕੰਮ ਖ਼ੁਦ ਹੀ ਕਰਦੇ ਸਨ ਪਰ ‘ਆਪ’ ਸਰਕਾਰ ਵਿੱਚ ਅਜਿਹਾ ਨਹੀਂ ਹੋਵੇਗਾ। ਸ੍ਰੀ ਧਾਲੀਵਾਲ ਅੱਜ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਦੇ ਸ਼ਿਕਾਇਤ ਨਿਵਾਰਨ ਦਫ਼ਤਰ ਦਾ ਉਦਘਾਟਨ ਕਰਨ ਪੁੱਜੇ ਸਨ। ਉਨ੍ਹਾਂ ਨੇ ਡਾ. ਬਲਬੀਰ ਸਿੰਘ ਨੂੰ ਦਫ਼ਤਰ ਵਿੱਚ ਕੁਰਸੀ ’ਤੇ ਬਿਠਾਇਆ ਤੇ ਮੂੰਹ ਮਿੱਠਾ ਮੂੰਹ ਕਰਵਾਇਆ। ਉਨ੍ਹਾਂ ਕਿਹਾ ਕਿ ਪਾਰਟੀ ਨਗਰ ਨਿਗਮ ਚੋਣਾਂ ਧੜੱਲੇ ਨਾਲ ਜਿੱਤੇਗੀ।
ਮੰਤਰੀ ਧਾਲੀਵਾਲ ਨੇ ਆਪਣੇ ਬਿਆਨ ਨੂੰ ਦੁਹਰਾਉਂਦਿਆਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਨ ਪ੍ਰਤੀਨਿਧ ਔਰਤਾਂ ਦੇ ਪਤੀ, ਪਿਤਾ ਜਾਂ ਭਰਾ ਹੀ ਕੰਮ ਕਰਦੇ ਹਨ। ਉਹ ਸਰਕਾਰੀ ਮੀਟਿੰਗਾਂ ਵਿੱਚ ਵੀ ਆਪ ਹੀ ਬੈਠਦੇ ਹਨ। ਔਰਤਾਂ ਨੂੰ ਰਾਖਵਾਂਕਰਨ ਤਹਿਤ ਸਰਪੰਚ, ਪੰਚ, ਐੱਮਸੀ ਬਣਾਇਆ ਜਾਂਦਾ ਹੈ ਪਰ ਉਹ ਆਪਣੇ ਹੱਕਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਫ਼ੈਸਲਾ ਹੈ ਕਿ ਜੋ ਔਰਤ ਚੁਣ ਕੇ ਆਈ ਹੈ, ਉਸ ਨੂੰ ਪੂਰਾ ਹੱਕ ਮਿਲਣਾ ਚਾਹੀਦਾ ਹੈ ਤੇ ਪੂਰਾ ਸਤਿਕਾਰ ਮਿਲਣਾ ਚਾਹੀਦਾ ਹੈ।
ਵਿਧਾਇਕ ਡਾ. ਬਲਬੀਰ ਸਿੰਘ ਦੇ ਸ਼ਿਕਾਇਤ ਨਿਵਾਰਨ ਦਫ਼ਤਰ ਬਾਰੇ ਸ੍ਰੀ ਧਾਲੀਵਾਲ ਨੇ ਕਿਹਾ ਕਿ ਵਿਧਾਇਕ ਆਪਣੀ ਟੀਮ ਨਾਲ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਸਰਕਾਰ ਵੱਲੋਂ ਉਨ੍ਹਾਂ ਦਾ ਤੁਰੰਤ ਹੱਲ ਕਰਾਇਆ ਜਾਵੇਗਾ। ਇਸ ਮੌਕੇ ਜਸਬੀਰ ਸਿੰਘ ਗਾਂਧੀ, ਹਰੀ ਚੰਦ ਬਾਂਸਲ, ਜਗਦੀਪ ਸਿੰਘ ਜੱਗਾ, ਬਲਵਿੰਦਰ ਸੈਣੀ, ਅਮਰਜੀਤ ਭਾਟੀਆ, ਮੋਹਿਤ ਕੁਮਾਰ, ਨਿਸ਼ਾਂਤ, ਜਸਵਿੰਦਰ ਸਿੰਘ ਕੰਗ, ਜੋਗਿੰਦਰ ਸਿੰਘ ਤੁਲੀ, ਗੁਰਵਿੰਦਰ ਸਿੰਘ ਰੋੜੇਵਾਲ, ਸਰਪੰਚ ਗੁਰਕਿਰਪਾਲ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ।