ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਜਨਵਰੀ
ਵਿਧਾਨ ਸਭਾ ਚੋਣਾਂ ’ਚ ਹੁਣ ਜਦੋਂ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਤਾਂ ਚੋਣ ਪ੍ਰਚਾਰ ਸਿਖਰਾਂ ਵੱਲ ਵਧ ਰਿਹਾ ਹੈ। ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਵੀ ਚੋਣ ਪ੍ਰਚਾਰ ’ਚ ਕੁੱਦ ਪਏ ਹਨ। ਪਤਨੀਆਂ, ਨੂੰਹਾਂ ਤੇ ਪੁੱਤਾਂ ਸਮੇਤ ਭੈਣਾਂ ਤੇ ਭਰਾ ਵੀ ਇਸ ਚੋਣ ਪਿੜ ਦਾ ਹਿੱਸਾ ਬਣ ਰਹੇ ਹਨ।
ਪਟਿਆਲਾ ਸ਼ਹਿਰੀ ਹਲਕੇ ਤੋਂ ਪੰਜਵੀਂ ਚੋਣ ਲੜ ਰਹੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਦੀ ਕਮਾਨ ਉਨ੍ਹਾਂ ਦੀ ਧੀ ਬੀਬੀ ਜੈਇੰਦਰ ਕੌਰ ਨੇ ਸੰਭਾਲੀ ਹੋਈ ਹੈ। ਅੱਧੀ ਦਰਜਨ ਤੋਂ ਵੱਧ ਚੋਣਾਂ ਲੜ ਕੇ ਤਿੰਨ ਜਿੱਤਾਂ ਹਾਸਲ ਕਰ ਚੁੱਕੇ ਕੋਹਲੀ ਪਰਿਵਾਰ ਦੇ ਫਰਜ਼ੰਦ ਤੇ ‘ਆਪ’ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਦੀ ਪਤਨੀ ਸਿਮਰਤ ਕੌਰ ਕੋਹਲੀ ਵੀ ਟੀਮਾਂ ਬਣਾ ਕੇ ਉਨ੍ਹਾਂ ਦੇ ਚੋਣ ਪ੍ਰਚਾਰ ਨੂੰ ਯੋਜਨਾਬੱਧ ਢੰਗ ਨਾਲ਼ ਚਲਾ ਰਹੇ ਹਨ। ਇਨ੍ਹਾਂ ਵਿੱਚ ਉਨ੍ਹਾਂ ਦੀ ਪਤਨੀ, ਮਾਤਾ ਅਤੇ ਹੋਰ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਪਟਿਆਲਾ ਦਿਹਾਤੀ ਹਲਕੇ ਤੋਂ ਅਕਾਲੀ ਉਮੀਦਵਾਰ ਬਿੱਟੂ ਚੱਠਾ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰ ਵੀ ਚੋਣ ਪ੍ਰਚਾਰ ਵਿੱਚ ਸਰਗਰਮ ਹਨ।
ਸਨੌਰ ਹਲਕੇ ਤੋਂ ‘ਆਪ’ ਉਮੀਦਵਾਰ ਹਰਮੀਤ ਪਠਾਣਮਾਜਰਾ ਦੀ ਪਤਨੀ ਸਿਮਰਨ ਕੌਰ ਜਾਣਕਾਰਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਘਰ-ਘਰ ਜਾ ਜਾ ਰਹੇ ਹਨ। ਇਸ ਹਲਕੇ ਤੋਂ ਕਾਂਗਰਸ ਉਮੀਦਵਾਰ ਹੈਰੀਮਾਨ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਵੀ ਚੋਣ ਪ੍ਰਚਾਰ ਵਿੱਚ ਸਰਗਰਮ ਹਨ। ਸਨੌਰ ਤੋਂ ਹੀ ਅਕਾਲੀ ਉਮੀਦਵਾਰ ਹਰਿੰਦਰਪਾਲ ਚੰਦੂਮਾਜਰਾ ਦੀ ਪਤਨੀ ਨਵਨੀਤ ਕੌਰ ਅਤੇ ਮਾਤਾ ਬਲਵਿੰਦਰ ਕੌਰ ਵੀ ਉਨ੍ਹਾਂ ਦੇ ਚੋਣ ਪ੍ਰਚਾਰ ਦਾ ਹਿੱਸਾ ਹਨ। ਉੱਧਰ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਕੰਬੋਜ ਦੀ ਪਤਨੀ ਗੁਰਮੀਤ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਵੀ ਯੋਜਨਾਬੱਧ ਢੰਗ ਨਾਲ਼ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਰਾਜਪੁਰਾ ਤੋਂ ਹੀ ਅਕਾਲੀ ਉਮੀਦਵਾਰ ਚਰਨਜੀਤ ਬਰਾੜ ਦੀ ਪਤਨੀ ਕਰਮਜੀਤ ਕੌਰ ਅਤੇ ਨੂੰਹ ਨਵਨੀਤ ਕੌਰ ਵੀ ਘਰ-ਘਰ ਜਾ ਕੇ ਪ੍ਰਚਾਰ ਕਰ ਰਹੀਆਂ ਹਨ। ਘਨੌਰ ਵਿੱਚ ਅਕਾਲੀ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਪਤਨੀ ਬਲਵਿੰਦਰ ਕੌਰ ਵੀ ਕਈ ਦਿਨਾਂ ਤੋਂ ਚੋਣ ਪ੍ਰਚਾਰ ਕਰ ਰਹੇ ਹਨ। ਘਨੌਰ ਦੇ ਕਾਂਗਰਸੀ ਉਮੀਦਵਾਰ ਮਦਨ ਲਾਲ ਜਲਾਲਪੁਰ ਦੀ ਪਤਨੀ ਅਮਰਜੀਤ ਕੌਰ ਅਤੇ ਨੂੰਹ ਪ੍ਰਨੀਤ ਕੌਰ ਨੇ ਵੀ ਚੋਣ ਪਿੜ ਮੱਲਿਆ ਹੋਇਆ ਹੈ। ਘਨੌਰ ਤੋਂ ‘ਆਪ’ ਉਮੀਦਵਾਰ ਗੁਰਲਾਲ ਘਨੌਰ ਦੇ ਪਰਿਵਾਰਕ ਮੈਂਬਰ ਵੀ ਦਿਨ ਰਾਤ ਚੋਣ ਪ੍ਰਚਾਰ ਕਰ ਰਹੇ ਹਨ। ਨਾਭਾ ਵਿੱਚ ਵੀ ਅਕਾਲੀ ਉਮੀਦਵਾਰ ਦੀ ਪਤਨੀ ਆਰਤੀ ਤੇ ਨੂੰਹ ਗੀਤਾਂਜਲੀ ਵੀ ਨੁੱਕੜ ਮੀਟਿੰਗਾਂ ਕਰ ਰਹੀਆਂ ਹਨ। ਇਸੇ ਤਰ੍ਹਾਂ ਜ਼ਿਲ੍ਹੇ ਦੇ ਕਈ ਹੋਰ ਉਮੀਦਵਾਰਾਂ ਦੀਆਂ ਦੇ ਪਰਿਵਾਰਕ ਮੈਂਬਰ ਵੀ ਚੋਣ ਪਿੜ ਵਿੱਚ ਸਰਗਰਮ ਹਨ।