ਗੁਰਨਾਮ ਸਿੰਘ ਅਕੀਦਾ
ਪਟਿਆਲਾ, 31 ਮਾਰਚ
ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਾਈ ਜਾ ਰਹੀ ਕੌਮੀ ਵੁਸ਼ੂ ਚੈਂਪੀਅਨਸ਼ਿਪ ਵਿਵਾਦਾਂ ਵਿਚ ਘਿਰ ਗਈ ਹੈ। ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਨੇ ਇਸ ਚੈਂਪੀਅਨਸ਼ਿਪ ਵੱਲੋਂ ਮੂੰਹ ਮੋੜ ਲਿਆ ਹੈ। ਖੇਡ ਵਿਭਾਗ ਵੱਲੋਂ ਆਪਣੇ ਤੌਰ ’ਤੇ ਹੀ ਕਰਾਈ ਜਾ ਰਹੀ ਇਸ ਚੈਂਪੀਅਨਸ਼ਿਪ ਲਈ ਜੱਜ ਵੀ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਨਹੀਂ ਲਏ ਗਏ ਜਿਸ ਕਰਕੇ ਯੂਨੀਵਰਸਿਟੀ ਦੇ ਖੇਡ ਅਧਿਕਾਰੀਆਂ ’ਤੇ ਪੱਖਪਾਤ ਦੇ ਦੋਸ਼ ਲੱਗੇ ਹਨ। ਇਸ ਬਾਰੇ ਕਈ ਯੂਨੀਵਰਸਿਟੀਆਂ ਨੇ ਪੀਯੂ ਦੇ ਖੇਡ ਵਿਭਾਗ ਖ਼ਿਲਾਫ਼ ਇਕ ਸ਼ਿਕਾਇਤ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਨਵੀਂ ਦਿਲੀ ਦੇ ਜਨਰਲ ਸਕੱਤਰ ਨੂੰ ਭੇਜੀ ਹੈ। ਪੰਜਾਬ ਯੂਨੀਵਰਸਿਟੀ, ਲਵਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਲਾਵਾ ਹੋਰ ਕਈ ’ਵਰਸਿਟੀਆਂ ਦੇ ਕੋਚਾਂ ਦੇ ਦਸਤਖ਼ਤਾਂ ਹੇਠ ਭੇਜੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਦੇ ਖੇਡ ਅਧਿਕਾਰੀਆਂ ਨੇ ਕਥਿਤ ਮਨਮਰਜ਼ੀਆਂ ਕਰਦਿਆਂ ਗੈਰ ਯੋਗਤਾ ਵਾਲੇ ਜੱਜ ਬਿਠਾ ਕੇ ਨਤੀਜੇ ਲਏ ਹਨ।
ਵੁਸ਼ੂ ਐਸੋਸੀਏਸ਼ਨ ਚੈਂਪੀਅਨਸ਼ਿਪ ਤੋਂ ਬਾਹਰ : ਬਾਜਵਾ
ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸਾਡੀ ਐਸੋਸੀਏਸ਼ਨ ਪੰਜਾਬੀ ਯੂਨੀਵਰਸਿਟੀ ਵਿਚ ਕਰਾਈ ਜਾ ਰਹੀ ਵੁਸ਼ੂ ਚੈਂਪੀਅਨਸ਼ਿਪ ਤੋਂ ਬਾਹਰ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਜਦੋਂ ਜੱਜ ਹੀ ਕਾਬਲ ਦੇ ਯੋਗਤਾ ਵਾਲੇ ਨਹੀਂ ਤਾਂ ਉਹ ਨਤੀਜੇ ਸਹੀ ਕਿਵੇਂ ਦੇ ਸਕਦੇ ਹਨ।