ਅਸ਼ਵਨੀ ਗਰਗ
ਸਮਾਣਾ, 9 ਜੁਲਾਈ
ਭੇੜਪੁਰੀ ਨੇੜੇ ਝੰਬੋ ਚੋਏ ਦੇ ਪੁਲ ਨੂੰ ਮੋਟਰਸਾਈਕਲ ’ਤੇ ਪਾਰ ਕਰਦੇ ਸਮੇਂ ਚੋਏ ਵਿੱਚ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਉਸਦੇ ਦੋ ਸਾਥੀਆਂ ਨੇ ਜਦੋਂ ਆਪਣੇ ਦੋਸਤ ਨੂੰ ਡੁਬਦੇ ਦੇਖ ਚੋਏ ਵਿੱਚ ਛਾਲ ਮਾਰੀ ਤਾਂ ਉਹ ਵੀ ਡੂੰਘੇ ਪਾਣੀ ਵਿੱਚ ਡੁੱਬਣ ਲੱਗੇ ਤਾਂ ਪੁੱਲ ’ਤੇ ਕੰਮ ਕਰ ਰਹੇ ਲੋਕਾਂ ਨੇ ਉਨ੍ਹਾਂ ਨੂੰ ਰੱਸਿਆਂ ਨਾਲ ਬਚਾਇਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਸਾਹਿਲ ਉਰਫ਼ ਪ੍ਰਿੰਸ (25) ਪੁੱਤਰ ਰਾਜੀਵ ਮਹਿਤਾ ਵਾਸੀ ਰਾਮ ਬਸਤੀ ਸਮਾਣਾ ਦੇ ਸਾਥੀ ਸੂਰਜ ਕੁਮਾਰ ਪੁੱਤਰ ਰਮੇਸ਼ਵਰ ਦਾਸ ਵਾਸੀ ਮੱਛੀ ਹੱਟਾ ਚੌਕ ਅਤੇ ਅਮਨਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਲਕਾਣਾ ਪੱਤੀ ਨੇ ਦੱਸਿਆ ਕਿ ਪਿੰਡ ਭੇਡਪੁਰੀ ਤੋਂ ਸਮਾਣਾ ਵੱਲ ਆਉਂਦੇ ਸਮੇਂ ਰਸਤੇ ਵਿੱਚ ਪੈਂਦੇ ਝੰਬੋ ਚੋਏ ’ਤੇ ਪੁੱਲ ਦਾ ਨਿਰਮਾਣ ਕਾਰਜ ਚੱਲਦਾ ਹੋਣ ਕਾਰਨ ਪ੍ਰਿੰਸ ਨੇ ਮੋਟਰਸਾਈਕਲ ਚੋਏ ਵਿੱਚੋਂ ਦੀ ਲੰਘਾਉਣ ਦਾ ਯਤਨ ਕੀਤਾ। ਉਨ੍ਹਾਂ ਦੱਸਿਆ ਕਿ ਉਹ ਦੋਵੇਂ ਮੋਟਰਸਾਈਕਲ ਤੋਂ ਥੱਲੇ ਉਤਰ ਗਏ ਤੇ ਪ੍ਰਿੰਸ ਮੋਟਰਸਾਈਕਲ ਲੰਘਾਉਣ ਲੱਗਾ। ਉਨ੍ਹਾਂ ਦੱਸਿਆ ਕਿ ਚੋਆ ਕਾਫ਼ੀ ਡੂੰਘਾ ਹੋਣ ਕਾਰਨ ਪ੍ਰਿੰਸ ਡੁੱਬਣ ਲੱਗਾ ਤਾਂ ਉਨ੍ਹਾਂ ਚੋਏ ਵਿੱਚ ਛਾਲ ਮਾਰ ਕੇ ਪ੍ਰਿੰਸ ਨੂੰ ਬਚਾਉਣ ਦਾ ਯਤਨ ਕੀਤਾ ਪਰ ਪ੍ਰਿੰਸ ਚੋਏ ਵਿੱਚ ਡੁੱਬ ਗਿਆ ਤੇ ਉਹ ਵੀ ਗਹਿਰੇ ਪਾਣੀ ਵਿੱਚ ਡੁੱਬਣ ਲੱਗੇ ਪਰ ਉਨ੍ਹਾਂ ਦਾ ਸ਼ੋਰ ਸੁਣ ਕੇ ਨੇੜੇ ਕੰਮ ਕਰ ਰਹੇ ਲੋਕਾਂ ਨੇ ਰੱਸਿਆਂ ਦੀ ਸਹਾਹਿਤਾ ਨਾਲ ਉਨ੍ਹਾਂ ਦੋਵਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਮਵੀ ਚੌਕੀ ਤੋਂ ਪਹੁੰਚੀ ਪੁਲੀਸ ਨੇ ਲੋਕਾਂ ਦੀ ਸਹਾਇਤਾ ਨਾਲ ਪ੍ਰਿੰਸ ਨੂੰ ਵੀ ਚੋਏ ਵਿੱਚੋਂ ਕੱਢ ਲਿਆ ਤੇ ਸਥਾਨਕ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮਵੀ ਪੁਲੀਸ ਚੌਕੀ ਦੇ ਏਐੱਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ।