ਗੁਰਨਾਮ ਸਿੰਘ ਚੌਹਾਨ
ਪਾਤੜਾਂ, 23 ਜੁਲਾਈ
ਇਥੇ ਪਿੰਡ ਖਾਸਪੁਰ ਵਿੱਚ ਘਰੇਲੂ ਝਗੜੇ ਕਾਰਨ ਦੋ ਪਰਿਵਾਰਾਂ ਵਿੱਚ ਹੋਈ ਲੜਾਈ ਦੌਰਾਨ ਨੌਜਵਾਨ ਦੇ ਸਿਰ ਵਿੱਚ ਬਾਲਾ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਾਤੜਾਂ ਪੁਲੀਸ ਨੇ ਨੌਜਵਾਨ ਦੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਦਰਜ ਕੀਤੇ ਗਏ ਕੇਸ ਵਿੱਚ ਜੁਰਮ ਦਾ ਵਾਧਾ ਕਰਕੇ ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ
ਥਾਣਾ ਮੁਖੀ ਪਾਤੜਾਂ ਇੰਸਪੈਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਖਾਸਪੁਰ ’ਚ ਬੁੱਧਵਾਰ ਨੂੰ ਨਜ਼ਦੀਕੀ ਪਰਿਵਾਰਾਂ ਦਰਮਿਆਨ ਘਰੇਲੂ ਝਗੜਾ ਹੋ ਗਿਆ ਸੀ ਜਿਸ ਦੌਰਾਨ ਇੱਕ ਨੌਜਵਾਨ ਦੇ ਸਿਰ ’ਚ ਸੱਟ ਲੱਗਣ ਕਾਰਨ ਉਸਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਜਿੱਥੇ ਬੀਤੀ ਰਾਤ ਨੌਜਵਾਨ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ਿੰਦਰ ਕੌਰ ਪਤਨੀ ਭੋਲਾ ਸਿੰਘ ਵਾਸੀ ਖਾਸਪੁਰ ਵੱਲੋਂ ਪੁਲੀਸ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਉਹ ਆਪਣੇ ਘਰ ’ਚ ਮੌਜੂਦ ਸੀ ਕਿ ਕੁਝ ਵਿਅਕਤੀਆਂ ਨੇ ਉਸ ਦੇ ਘਰ ਦੇ ਬਾਹਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਦੋਂ ਉਹ ਘਰੋਂ ਬਾਹਰ ਨਿਕਲੀ ਤਾਂ ਇਨ੍ਹਾਂ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ’ਤੇ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਮੀਤ ਸਿੰਘ ਨੇ ਆਪਣੇ ਹੱਥ ’ਚ ਫੜਿਆ ਹੋਇਆ ਲੱਕੜ ਦਾ ਬਾਲਾ ਉਸ ਦੇ ਲੜਕੇ ਦੇ ਸਿਰ ਵਿੱਚ ਮਾਰਿਆ। ਉਹ ਉਸੇ ਵੇਲੇ ਬੇਹੋਸ਼ ਹੋ ਕੇ ਡਿੱਗ ਪਿਆ। ਪਰਿਵਾਰ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਬੀਤੀ ਰਾਤ ਉਸਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਝਗੜੇ ਸਬੰਧੀ ਪੁਲੀਸ ਨੇ ਬੁੱਧਵਾਰ ਨੂੰ ਹੀ ਦਰਜ ਕੀਤੇ ਕੇਸ ’ਚ ਕਤਲ ਸਬੰਧੀ ਧਰਾਵਾਂ ਦਾ ਵਾਧਾ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।