ਬੀਰਬਲ ਰਿਸ਼ੀ
ਸ਼ੇਰਪੁਰ, 23 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਇੱਕ ਪਾਸੇ ਜਿੱਥੇ ਦਿੱਲੀ ਧਰਨੇ ’ਤੇ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਘੇਰਾਬੰਦੀ ਕੀਤੀ ਹੋਈ ਹੈ ਉਥੇ ਬਲਾਕ ਸ਼ੇਰਪੁਰ ਦੇ ਪਿੰਡਾਂ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਜੀਓ ਖ਼ਿਲਾਫ਼ ਮੁਹਿੰਮ ਦਾ ਆਗਾਜ਼ ਕਰਦਿਆਂ ਅੱਜ ਅਲਾਲ ਤੇ ਸੁਲਤਾਨਪੁਰ ਲਿੰਕ ਸੜਕ ’ਤੇ ਲੱਗੇ ਜੀਓ ਮੋਬਾਇਲ ਟਾਵਰ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ। ਜਗਦੇਵ ਸਿੰਘ ਪੰਚ, ਸੁਖਜਿੰਦਰ ਸਿੰਘ ਸ਼ੋਹੀ, ਜੀਵਨ ਸਿੰਘ, ਜਗਤਾਰ ਸਿੰਘ ਅਤੇ ਅਮਨਦੀਪ ਸਿੰਘ ਆਦਿ ਨੇ ਕਿਸਾਨਾਂ ਦੇ ਸਹਿਯੋਗ ਨਾਲ ਅਡਾਨੀਆਂ ਅੰਬਾਨੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਪਸ਼ੱਟ ਕੀਤਾ ਕਿ ਛੇਤੀ ਹੀ ਅਜਿਹੇ ਜੀਓ ਮੋਬਾਈਲ ਟਾਵਰਾਂ ਬਾਰੇ ਹੋਰਨਾ ਪਿੰਡਾਂ ਦੇ ਨੌਜਵਾਨਾਂ ਨਾਲ ਮੀਟਿੰਗਾਂ ਕਰਕੇ ਅਜਿਹੇ ਤਿੱਖੇ ਸੰਘਰਸ਼ਾਂ ਦੀ ਰੂਪ ਰੇਖਾ ਨੂੰ ਅੰਜ਼ਾਮ ਦਿੱਤਾ ਜਾਵੇਗਾ। ਜੀਓ ਕੰਪਨੀ ’ਚੋ ਨੰਬਰ ਬਦਲਾਉਣ ਲਈ ਸੁਲਤਾਨਪੁਰ ’ਚ ਕੈਂਪ ਛੇਤੀ ਹੀ ਗ੍ਰਾਮ ਪੰਚਾਇਤ ਸੁਲਤਾਨਪੁਰ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਜੀਓ ਟਾਵਰ ਦੀ ਬਿਜਲੀ ਸਪਲਾਈ ਠੱਪ ਹੋਣ ਮਗਰੋਂ ਇਸ ਕੰਪਨੀ ਦੇ ਨੰਬਰਾਂ ’ਤੇ ਰੇਂਜ ਬਿਲਕੁਲ ਖ਼ਤਮ ਹੋ ਗਈ ਹੈ। ਇਸ ਕਰਕੇ ਛੇਤੀ ਹੀ ਪਿੰਡ ਵਿੱਚ ਕੈਂਪ ਲਗਾ ਕੇ ਇਸ ਕੰਪਨੀ ਦੇ ਨੰਬਰ ਹੋਰ ਪਾਸੇ ਮਰਜ਼ ਕਰਵਾਏ ਜਾਣਗੇ। ਇਸ ਮੌਕੇ ਬੁਲਾਰਿਆਂ ਨੇ ਸੂਬੇ ਦੇ ਨੌਜਵਾਨਾਂ ਨੂੰ ਜੀਓ ਦੇ ਮੋਬਾਈਲ ਤੇ ਦੂਜੇ ਕੁਨੈਕਸ਼ਨ ਕਟਾਉਣ ਦੀ ਅਪੀਲ ਕੀਤੀ। ਚੌਕੀ ਇੰਚਾਰਜ ਰਣੀਕੇ ਪ੍ਰਿਤਪਾਲ ਸਿੰਘ ਨੇ ਕੁਨੈਕਸ਼ਨ ਕੱਟੇ ਜਾਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ।
ਆੜ੍ਹਤੀਆਂ ਨੇ ਦੂਜੇ ਦਿਨ ਬੰਦ ਰੱਖੀਆਂ ਦੁਕਾਨਾਂ
ਧੂਰੀ (ਪਵਨ ਕੁਮਾਰ ਵਰਮਾ): ਆਮਦਨ ਕਰ ਵਿਭਾਗ ਵੱਲੋਂ ਮਾਰੇ ਜਾ ਰਹੇ ਛਾਪਿਆਂ ਖ਼ਿਲਾਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ 22 ਤੋਂ ਲੈ ਕੇ 25 ਦਸੰਬਰ ਤੱਕ ਮੰਡੀਆਂ ਨੂੰ ਬੰਦ ਰੱਖਣ ਦੇ ਫੈਸਲੇ ਤਹਿਤ ਅਨਾਜ ਮੰਡੀ ਧੂਰੀ ਦੇ ਆੜ੍ਹਤੀਆਂ ਨੇ ਦੂਜੇ ਦਿਨ ਦੁਕਾਨਾਂ ਬੰਦ ਕਰਕੇ ਨਵੀਂ ਅਨਾਜ ਮੰਡੀ ਵਿੱਚ ਇਕੱਠੇ ਹੋ ਕੇ ਆਮਦਨ ਕਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ, ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਕੁਨੈਕਸ਼ਨ ਕੱਟ ਕੇ ਕੇਂਦਰ ਸਰਕਾਰ ਖ਼ਿਲਾਫ ਨਾਅਰੇਬਾਜ਼ੀ
ਸਮਾਣਾ (ਸੁਭਾਸ਼ ਚੰਦਰ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਹੋਏ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਸਮਾਣਾ ਨੇੜਲੇ ਪਿੰਡਾਂ ਦੋਦੜਾ,ਭੇਡਪੁਰੀ ਅਤੇ ਕੋਟਲੀ ਵਿਚ ਲੱਗੇ ਜੀਓ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੇਤਾ ਪ੍ਰਿਤਪਾਲ ਸਿੰਘ, ਬਚਿੱਤਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਜਦੋਂ ਤੱਕ ਰੱਦ ਨਹੀਂ ਹੁੰਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।