ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਅਕਤੂਬਰ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਪਾਠ ਉਚਾਰਨ ਜੁਗਤ’ ਨੂੰ ਛਾਪਣ ਤੇ ਇਸ ਨੂੰ ਸੋਸ਼ਲ ਮੀਡੀਆ ਰਾਹੀਂ ਸਾਂਝੀ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਪੁਸਤਕ ਵਿਦੇਸ਼ ਰਹਿੰਦੇ ਇਕ ਸਿੱਖ ਓਂਕਾਰ ਸਿੰਘ ਵੱਲੋਂ ਤਿਆਰ ਕੀਤੀ ਗਈ ਹੈ, ਜਿਸ ਨੂੰ ਘੋਖਣ ਲਈ ਵਿਦਵਾਨਾਂ ਦੀ ਇਕ ਪੜਤਾਲੀਆ ਸਬ-ਕਮੇਟੀ ਬਣਾਈ ਗਈ ਸੀ। ਸਬ ਕਮੇਟੀ ਨੇ ਲੇਖਕ ਕੋਲੋਂ ਕੁਝ ਸਵਾਲਾਂ ਦੇ ਜਵਾਬ ਮੰਗੇ ਸਨ ਤੇ ਉਸ ਨੂੰ ਇਸ ਸਬੰਧੀ ਦੋ ਪੱਤਰ ਵੀ ਭੇਜੇ ਗਏ ਸਨ। ਪਰ ਲੇਖਕ ਵੱਲੋਂ ਪੁੱਛੇ ਗਏ ਸਵਾਲਾਂ ਦੇ ਸਪੱਸ਼ਟ ਉੱਤਰ ਨਹੀਂ ਦਿੱਤੇ ਗਏ। ਤਸੱਲੀਬਖਸ਼ ਜਵਾਬ ਨੇ ਮਿਲਣ ’ਤੇ ਕਮੇਟੀ ਵੱਲੋਂ ਪੁਸਤਕ ’ਤੇ ਰੋਕ ਲਾਉਣ ਦੀ ਸਿਫਾਰਸ਼ ਕੀਤੀ ਗਈ ਸੀ, ਜਿਸ ਦੇ ਆਧਾਰ ’ਤੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਪੁਸਤਕ ਨੂੰ ਛਾਪਣ ਅਤੇ ਸਾਂਝੀ ਕਰਨ ’ਤੇ ਪਾਬੰਦੀ ਲਾਈ ਹੈ।