ਜੋਗਿੰਦਰ ਸਿੰਘ ਮਾਨ
ਮਾਨਸਾ, 23 ਜੂਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਐੱਸਵਾਈਐੱਲ’ ਪੰਜਾਬ ਦੀ ਤ੍ਰਾਸਦੀ ਅਤੇ ਨਿਧੜਕ ਕਲਮ ਦੀ ਗਵਾਹੀ ਭਰਦਾ ਹੈ। ਵੀਰਵਾਰ 23 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਇਹ ਗੀਤ ਯੂ-ਟਿਊਬ ’ਤੇ ਰਿਲੀਜ਼ ਕੀਤਾ ਗਿਆ। ਇਹ ਗਾਣਾ ਪਹਿਲੇ 6 ਮਿੰਟ ਵਿੱਚ 4.76 ਲੱਖ ਲੋਕਾਂ ਨੇ ਸੁਣਿਆ, 3.14 ਲੱਖ ਲੋਕਾਂ ਨੇ ਲਾਈਕ ਕੀਤਾ। 1.12 ਲੱਖ ਲੋਕਾਂ ਨੇ ਇਸ ਗੀਤ ਦੇ ਹੱਕ ਵਿੱਚ ਪ੍ਰਤੀਕ੍ਰਿਆ ਦਿੱੱਤੀ। ਪਹਿਲੇ 28 ਮਿੰਟ ਵਿੱਚ 10.39 ਲੱਖ ਲੋਕਾਂ ਨੇ ਇਹ ਗਾਣਾ ਸੁਣਿਆ। ਇਸ ਗਾਣੇ ਨੂੰ ਇੱਕੋ ਸਮੇਂ ਸੁਣਨ ਵਾਲੇ ਪ੍ਰਸ਼ੰਸਕਾਂ ਦੀ ਗਿਣਤੀ 5 ਲੱਖ ਤੋਂ ਪਾਰ ਹੋ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੇ ਖੇਤਾਂ ਵਿੱਚ ਇਹ ਗੀਤ ਉੱਚੀ-ਉੱਚੀ ਅਵਾਜ਼ ਵਿੱਚ ਗੂੰਜਦਾ ਰਿਹਾ।
ਹਮੇਸ਼ਾ ਵਿਵਾਦਾਂ ਅਤੇ ਚਰਚਾ ਵਿੱਚ ਰਹਿਣ ਵਾਲਾ ਸ਼ੁਭਦੀਪ ਸਿੰਘ ਸਿੱਧੂ ਭਾਵੇਂ ਇਸ ਗੀਤ ਦੀ ਰਚਨਾ ਅਤੇ ਉਸ ਨੂੰ ਆਵਾਜ਼ ਵਿੱਚ ਮਰਨ ਤੋਂ ਪਹਿਲਾਂ ਹੀ ਪਰੋਅ ਗਿਆ, ਪਰ ਇਸ ਗੀਤ ਨੂੰ ਲੈ ਕੇ ਕਿੰਤੂ-ਪ੍ਰੰਤੂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਐੱਸਵਾਈਐੱਲ ਗੀਤ ਨੇ ਇਕ ਵਾਰ ਯੂ-ਟਿਊਬ ’ਤੇ ਤਰਥੱਲੀ ਮਚਾ ਦਿੱਤੀ ਹੈ। ਮੂਸੇਵਾਲਾ ਨੇ ਆਪਣੇ ਗੀਤ ਰਾਹੀਂ ਇਹ ਅਰਜੋਈ ਕੀਤੀ ਹੈ ਕਿ ਜਦੋਂ ਤੱਕ ਚੰਡੀਗੜ੍ਹ, ਹਿਮਾਚਲ ਅਤੇ ਹਰਿਆਣਾ ਪੰਜਾਬ ਨੂੰ ਦੇਣ ਤੋਂ ਇਲਾਵਾ ਬੰਦੀ ਸਿੱਖਾਂ ਦੀ ਰਿਹਾਈ ਅਤੇ ਪੰਜਾਬ ਦੀਆਂ ਹੋਰ ਲੋੜਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਾਣੀ ਦੀ ਇੱਕ ਵੀ ਬੂੰਦ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਗਾਣੇ ਦੇ ਫਿਲਮਾਂਕਣ ਵਿੱਚ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਚੜ੍ਹਾਉਣ ਅਤੇ ਪੰਜਾਬ ਦੀਆਂ ਹੋਰ ਤ੍ਰਾਸਦੀਆਂ ਨੂੰ ਦਿਖਾਇਆ ਗਿਆ ਹੈ। ਊਧਮ ਸਿੰਘ ਤੇ ਹੋਰ ਪੰਜਾਬੀਆਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀਆਂ ਨਾਲ ਹੋਈਆਂ ਜ਼ਿਆਦਤੀਆਂ ਦਾ ਬਦਲਾ ਲੈ ਕੇ ਪੰਜਾਬੀਆਂ ਨੂੰ ਵੰਗਾਰਨ ਤੋਂ ਬਾਜ਼ ਆਉਣ ਦੀ ਸਲਾਹ ਦਿੱਤੀ ਹੈ। ਗਾਣੇ ’ਚ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਵੀ ਜ਼ਿਕਰ ਕੀਤਾ ਹੈ। ਅਜੇ ਤੱਕ ਇਸ ਗੀਤ ਉਪਰ ਕੋਈ ਵੀ ਪ੍ਰਤੀਕਿਰਿਆ ਜਾਂ ਸਿਆਸੀ ਬਿਆਨਬਾਜ਼ੀ ਸਾਹਮਣੇ ਨਹੀਂ ਆਈ ਹੈ।