ਨਵੀਂ ਦਿੱਲੀ, 26 ਜੂਨ
ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਵਿਕਾਸ ਪਰਭਾਕਰ ਦੇ ਪੰਜਾਬ ਵਿਚ ਹੋਏ ਕਤਲ ਦੇ ਦੋ ਦੋਸ਼ੀਆਂ ‘ਤੇ ਐੱਨਆਈਏ ਨੇ 10-10 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਐੱਨਆਈਏ ਨੇ ਦੱਸਿਆ ਕਿ ਹਰਜੀਤ ਸਿੰਘ ਉਰਫ਼ ਲਾਡੀ ਵਾਸੀ ਗੜ੍ਹ ਪਧਾਨਾ(ਨਵਾਂ ਸ਼ਹਿਰ) ਅਤੇ ਕੁਲਬੀਰ ਸਿੰਘ ਉਰਫ਼ ਸਿੱਧੂ ਵਾਸੀ ਯਮੁਨਾ ਨਗਰ(ਹਰਿਆਣਾ) ਇਸ ਕੇਸ ਵਿਚ ਭਗੌੜੇ ਹਨ। ਇਸ ਸਾਲ 13 ਅਪ੍ਰੈਲ ਨੂੰ ਵਿਕਾਸ ਪਰਭਾਕਰ ਨੂੰ ਰੂਪਨਗਰ ਵਿਚ ਉਸਦੀ ਦੁਕਾਨ ‘ਤੇ ਦੋ ਮੋਟਰਸਾਇਕਲ ਸਵਾਰਾਂ ਨੇ ਗੋਲੀ ਮਾਰ ਦਿੱਤੀ ਸੀ। ਦੋਵਾਂ ਹਮਲਾਵਰਾਂ ਨੇ ਰੂਪਨਗਰ ਰੇਲਵੇ ਸਟੇਸ਼ਨ ਸਥਿਤ ਬੱਗਾ ਕਨਫੈਕਸ਼ਨਰੀ ਦੀ ਦੁਕਾਨ ਵਿਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ।
ਐੱਨਆਈਏ ਨੇ ਦੋਹਾਂ ਦੋਸ਼ੀਆਂ ਦੀ ਫੋਟੋ ਸਾਂਝਾ ਕਰਦਿਆਂ ਕਿਹਾ ਕਿ ਸੂਚਨਾ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਰੂਪਨਗਰ ਪੁਲੀਸ ਅਤੇ ਮੋਹਾਲੀ ਦੇ ਸਟੇਟ ਸਪੈਸ਼ਲ ਆਪ੍ਰੇਟਿੰਗ ਸੈੱਲ ਵੱਲੋਂ ਕੀਤੀ ਸਾਂਝੀ ਕਾਰਵਾਈ ਵਿਚ ਇਸ ਕਤਲ ਕੇਸ ਨਾਲ ਸਬੰਧਤ ਦੋ ਪਾਕਿਸਤਾਨੀ ਸਮਰਥਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। -ਏਐੱਨਆਈ