ਆਤਿਸ਼ ਗੁਪਤਾ
ਚੰਡੀਗੜ੍ਹ, 24 ਸਤੰਬਰ
ਸੀਮਾ ਸੜਕ ਸੰਗਠਨ (ਬੀਆਰਓ) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਨੇ ਅੱਜ ਇੱਥੇ ਨਿਰਮਾਣ ਅਧੀਨ ਦੁਨੀਆ ਦੇ ਸਭ ਤੋਂ ਵੱਡੇ 3ਡੀ ਕੰਕਰੀਟ ਕੈਂਪਸ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਭਾਰਤ ਪਿਛਲੇ ਤਿੰਨ ਸਾਲਾਂ ਤੋਂ ਚੀਨ ਨਾਲ ਲੱਗਦੀ ਸਰਹੱਦ ’ਤੇ ਕਈ ਉਸਾਰੀ ਗਤੀਵਿਧੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਬਜਟ ਅਤੇ ਨਵੀਂ ਤਕਨਾਲੋਜੀ ਦਾ ਪਾਸਾਰ ਕਰਕੇ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਬੀਆਰਓ ਦਾ ਪੂਰਾ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ‘ਪਿਛਲੇ ਦੋ ਸਾਲਾਂ ਵਿੱਚ ਬੀਆਰਓ ਦੇ ਬਜਟ ਵਿੱਚ 100 ਫ਼ੀਸਦੀ ਵਾਧਾ ਕੀਤਾ ਹੈ।’ ਇਹ ਪੁੱਛਣ ’ਤੇ ਕਿ ਕੀ ਚੀਨ ਭਾਰਤ ਦੇ ਸਰਹੱਦੀ ਇਲਾਕਿਆਂ ਨੇੜੇ ਵੱਡੇ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਿਹਾ ਹੈ ਤਾਂ ਡਾਇਰੈਕਟਰ ਜਨਰਲ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਚੀਨ ਸਰਹੱਦ ’ਤੇ ਬੀਆਰਓ ਅਤੇ ਹੋਰ ਏਜੰਸੀਆਂ ਵੱਲੋਂ ਬਹੁਤ ਸਾਰੀਆਂ ਨਿਰਮਾਣ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ 8000 ਕਰੋੜ ਰੁਪਏ ਦੇ ਬੀਆਰਓ ਦੇ ਲਗਭਗ 300 ਪ੍ਰਾਜੈਕਟ ਪੂਰੇ ਕੀਤੇ ਗਏ। ਰਾਜੀਵ ਚੌਧਰੀ ਨੇ ਕਿਹਾ, ‘‘ਪਿਛਲੇ ਤਿੰਨ ਸਾਲਾਂ ਵਿੱਚ ਅਸੀਂ 295 ਸੜਕੀ ਪ੍ਰਾਜੈਕਟ, ਪੁਲ, ਸੁਰੰਗਾਂ ਅਤੇ ਹਵਾਈ ਪੱਟੀਆਂ ਬਣਾਈਆਂ ਹਨ। ਚਾਰ ਮਹੀਨਿਆਂ ਵਿੱਚ ਸਾਡੇ 60 ਹੋਰ ਪ੍ਰਾਜੈਕਟ ਤਿਆਰ ਹੋ ਜਾਣਗੇ।’’ ਉਨ੍ਹਾਂ ਕਿਹਾ ਕਿ ਬੀਆਰਓ ਸੜਕ ਦੇ ਨਿਰਮਾਣ ਵਿੱਚ ਸਟੀਲ ਦਾ ਇੱਕ ਸਹਿ-ਉਤਪਾਦ ‘ਸਟੀਲ ਸਲੈਗ’ ਅਤੇ ਪਲਾਸਟਿਕ ਦੀ ਵਰਤੋਂ ਕਰ ਰਿਹਾ ਹੈ। ਬੀਆਰਓ ਮੁਖੀ ਨੇ ਕਿਹਾ, ‘‘ਅਸੀਂ ਅਗਲੇ ਚਾਰ ਪੰਜ ਸਾਲਾਂ ਵਿੱਚ ਚੀਨ ਨੂੰ ਪਿੱਛੇ ਛੱਡ ਦਿਆਂਗੇ।’’ ਉਨ੍ਹਾਂ ਕਿਹਾ ਕਿ 60 ਸਾਲਾਂ ਵਿੱਚ ਸਿਰਫ਼ ਦੋ ਸੁਰੰਗਾਂ ਬਣਾਈਆਂ ਗਈਆਂ ਸੀ ਪਰ ਪਿਛਲੇ ਤਿੰਨ ਸਾਲਾਂ ਵਿੱਚ ਚਾਰ ਸੁਰੰਗਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ, ‘‘ਅਸੀਂ ਮੌਜੂਦਾ ਸਮੇਂ 10 ਸੁਰੰਗਾਂ ’ਤੇ ਕੰਮ ਕਰ ਰਹੇ ਹਾਂ, ਜੋ ਅਗਲੇ ਸਾਲ ਤੱਕ ਤਿਆਰ ਹੋ ਜਾਣਗੀਆਂ ਅਤੇ ਅੱਠ ਹੋਰ ਸੁਰੰਗਾਂ ਦੀ ਯੋਜਨਾ ਉਲੀਕੀ ਗਈ ਹੈ।’’ ਰਾਜੀਵ ਨੇ ਕਿਹਾ ਕਿ ਸੁਰੰਗਾਂ ਸਭ ਤੋਂ ਤੇਜ਼ ਅਤੇ ਹਰ ਮੌਸਮ ਵਿੱਚ ਸੰਪਰਕ ਮੁਹੱਈਆ ਕਰਵਾਉਣ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ, ਉੱਤਰਾਖੰਡ, ਤਵਾਂਗ ਅਤੇ ਹੋਰ ਖੇਤਰਾਂ ਵਿੱਚ ਉੱਚਾਈ ਵਾਲੇ ਇਲਾਕਿਆਂ ’ਚ ਸਥਿਤ ਸੜਕਾਂ ਦੇ ਬੰਦ ਰਹਿਣ ਦੇ ਸਮੇਂ ਨੂੰ ਘਟਾਉਣ ਲਈ ਬੀਆਰਓ ਬਰਫ਼ ਹਟਾਉਣ ਲਈ ਨਵੀਂ ਤਕਨਾਲੋਜੀ ਅਤੇ ਮਸ਼ੀਨ ਦੀ ਵਰਤੋਂ ਕਰ ਰਿਹਾ ਹੈ। ਜ਼ੋਜਿਲਾ ਦੱਰੇ ਦੀ ਉਦਾਹਰਨ ਦਿੰਦਿਆਂ ਚੌਧਰੀ ਨੇ ਕਿਹਾ ਕਿ ਇਹ ਬਰਫ਼ ਕਾਰਨ ਅਕਤੂਬਰ ਤੋਂ ਛੇ ਮਹੀਨਿਆਂ ਤੱਕ ਬੰਦ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸੜਕ ਦੇ ਬੰਦ ਰਹਿਣ ਦਾ ਸਮਾਂ ਘੱਟ ਗਿਆ ਹੈ।