ਦਵਿੰਦਰ ਸਿੰਘ ਭੰਗੂ
ਰਈਆ, 27 ਅਕਤੂਬਰ
ਅੰਮ੍ਰਿਤਸਰ ਕਾਊਂਟਰ ਇੰਟੈਲੀਜੈਸੀ ਨੇ ਨਸ਼ੇ ਨਾਲ ਸਬੰਧਿਤ ਰੈਕਟ ਦਾ ਪਰਦਾਫਾਸ਼ ਕਰਦਿਆਂ ਬਾਬਾ ਬਕਾਲਾ ਸਾਹਿਬ ਦੇ ਇਕ ਕਾਂਗਰਸੀ ਆਗੂ ਦੇ ਘਰ ਵਿੱਚੋਂ 105 ਕਿਲੋ ਹੈਰੋਇਨ, 31 ਕਿਲੋ ਕੈਫ਼ੀਨ, 17 ਕਿਲੋ ਡੀਐੱਮਆਰ, ਪੰਜ ਵਿਦੇਸ਼ੀ ਪਿਸਤੌਲ, ਇਕ ਦੇਸੀ ਕੱਟੇ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਕਾਰਵਾਈ ਕਰਕੇ ਬਾਬਾ ਬਕਾਲਾ ਸਾਹਿਬ ਕਸਬੇ ਦੇ ਇਕ ਕਿਰਾਏ ਦੇ ਮਕਾਨ ਵਿੱਚੋਂ 500 ਕਰੋੜ ਤੋਂ ਵੱਧ ਦੀ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਸਣੇ ਦੋ ਨਸ਼ਾ ਤਸਕਰਾਂ ਨਵਜੋਤ ਸਿੰਘ ਬਾਬਾ ਬਕਾਲਾ ਅਤੇ ਲਵਪ੍ਰੀਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਨਸ਼ਾ ਤਸਕਰ ਜਦੋਂ ਬੀਤੀ ਰਾਤ ਕਰੀਬ ਨੌਂ ਵਜੇ ਇਕ ਗੱਡੀ ਵਿੱਚ ਨਸ਼ੀਲੇ ਪਦਾਰਥ ਲੈ ਕੇ ਆਏ ਤਾਂ ਪੁਲੀਸ ਨੇ ਪਹਿਲਾਂ ਤੋਂ ਕੀਤੀ ਨਾਕੇਬੰਦੀ ਦੌਰਾਨ ਉਨ੍ਹਾਂ ਨੂੰ ਕਾਬੂ ਕਰ ਲਿਆ। ਮਕਾਨ ਕਿਰਾਏ ’ਤੇ ਲੈ ਕੇ ਨਸ਼ਾ ਤਸਕਰੀ ਦਾ ਗੈਰ-ਕਾਨੂੰਨੀ ਧੰਦਾ ਕਰ ਰਹੇ ਮੁਲਜ਼ਮ ਨਵਜੋਤ ਸਿੰਘ ਦੇ ਕਾਂਗਰਸ ਦੇ ਵੱਡੇ ਆਗੂਆਂ ਨਾਲ ਸਬੰਧ ਹਨ।
ਨਵਜੋਤ ਸਿੰਘ ਲਹੌਰੀਆ ਪਿੰਡ ਵਡਾਲਾ ਦਾ ਰਹਿਣ ਵਾਲਾ ਹੈ ਅਤੇ ਅੱਜ-ਕੱਲ੍ਹ ਬਾਬਾ ਬਕਾਲਾ ਵਿੱਚ ਲੱਖੋਵਾਲ ਰੋਡ ’ਤੇ ਆਪਣੇ ਪਿਤਾ ਨਾਲ ਰਹਿੰਦਾ ਸੀ ਅਤੇ ਬਾਬਾ ਬਕਾਲਾ ਤਹਿਸੀਲ ਕੰਪਲੈਕਸ ਵਿੱਚ ਉਸ ਦੀ ਨਵਜੋਤ ਫੋਟੋ ਸਟੇਟ ਦੇ ਨਾਮ ’ਤੇ ਛੋਟੀ ਜਿਹੀ ਦੁਕਾਨ ਹੈ। ਉਹ ਪਹਿਲਾਂ ਸਾਈਂ ਕਾਲਜ ਦਾ ਪ੍ਰਧਾਨ ਵੀ ਰਿਹਾ ਹੈ ਅਤੇ ਅੱਜ-ਕੱਲ੍ਹ ਯੂਥ ਕਾਂਗਰਸ ਸਰਕਲ ਬਾਬਾ ਬਕਾਲਾ ਦਾ ਪ੍ਰਧਾਨ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਲਵਪ੍ਰੀਤ ਸਿੰਘ ਆਈਲੈਟਸ ਕਰ ਰਿਹਾ ਸੀ ਅਤੇ ਨਵਜੋਤ ਫੋਟੋਗ੍ਰਾਫਰ ਦਾ ਕੰਮ ਕਰਦਾ ਹੈ। ਪੁਲੀਸ ਅਨੁਸਾਰ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰ ਰਹੇ ਸਨ। ਸ਼ੱਕ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੀ ਦਰਿਆ ਈ ਖੇਤਰ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਗਈ ਸੀ।