ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਪਰੈਲ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਟਵੀਟ ਕਰਕੇ ਮੋਗਾ ਸ਼ਹਿਰ ਦੀ 105 ਸਾਲਾ ਮਾਤਾ ਕਰਤਾਰ ਕੌਰ ਨੂੰ ਕਰੋਨਾ ਬਚਾਅ ਸਬੰਧੀ ਟੀਕਾਕਰਨ ਜਾਗਰੂਕਤਾ ਮੁਹਿੰਮ ਦਾ ਝੰਡਾ ਬਰਦਾਰ ਦੱਸਿਆ ਹੈੈ। ਦੱਸਣਯੋਗ ਹੈ ਕਿ ਇਸ ਬਿਰਧ ਔਰਤ ਦੇ ਨਾਲ ਉਸ ਦੇ 80 ਸਾਲਾ ਪੁੱਤਰ ਹਰਵਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਲੋਕਾਂ ਵਿੱਚ ਜਾਗਰੂਕਤਾ ਦਾ ਸੁਨੇਹਾ ਦੇਣ ਲਈ ਟੀਕਾਕਰਨ ਕਰਵਾਇਆ ਹੈ। ਸਿਹਤ ਮੰਤਰੀ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਮਾਤਾ ਕਰਤਾਰ ਕੌਰ ਦੇ ਇਸ ਜਜ਼ਬੇ ਦੀ ਸ਼ਲਾਘਾ ਕਰਦਿਆਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਤਰ੍ਹਾਂ ਦੇ ਭਰਮ ਭੁਲੇਖੇ ਪਾਸੇ ਰੱਖ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਟੀਕਾਕਰਨ ਕਰਾਉਣ। ਕਰਤਾਰ ਕੌਰ ਭਾਵੇਂ ਕਿ ਜ਼ਿਲ੍ਹੇ ਦੇ ਪਿੰਡ ਭਿੰਡਰ ਖੁਰਦ ਨਾਲ ਸਬੰਧ ਰੱਖਦੀ ਹੈ ਪਰ ਹੁਣ ਉਹ ਆਪਣੇ ਪੁੱਤਰ ਹਰਵਿੰਦਰ ਸਿੰਘ ਕੋਲ ਮੋਗਾ ਵਿੱਚ ਰਹਿ ਰਹੀ ਹੈ। ਇੱਥੇ ਵਾਰਡ ਨੰਬਰ-3 ਵਿੱਚ ਲੱਗੇ ਕੈਂਪ ਦੌਰਾਨ ਉਸਨੇ ਪਰਿਵਾਰ ਸਮੇਤ ਟੀਕਾਕਰਨ ਕਰਵਾਇਆ ਹੈ। ਇਸ ਮੌਕੇ ਹਰਵਿੰਦਰ ਸਿਘ ਨੇ ਕਿਹਾ ਕਿ ਉਨ੍ਹਾਂ ਦੀ ਬਜ਼ੁਰਗ ਮਾਤਾ ਕਰਤਾਰ ਕੌਰ ਨੇ ਆਪਣੀ ਇੱਛਾ ਅਤੇ ਦ੍ਰਿੜ੍ਹ ਸ਼ਕਤੀ ਦੇ ਬਲ ਉੱਤੇ ਟੀਕਾਕਰਨ ਕਰਵਾਇਆ ਹੈ, ਕਿਸੇ ਨੇ ਵੀ ਦਬਾਅ ਨਹੀਂ ਪਾਇਆ ਸੀ। ਮਾਤਾ ਕਰਤਾਰ ਕੌਰ ਦੀ ਇਹ ਸੋਚ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਟੀਕਾਕਰਨ ਕਰਾਉਣਾ ਲਾਜ਼ਮੀ ਹੈ। ਮਾਤਾ ਕਰਤਾਰ ਕੌਰ ਨੇ ਕਿਹਾ ਕਿ ਜੇਕਰ ਹਲੇ ਕੁਝ ਲੋਕਾਂ ਦੀ ਟੀਕੇ ਲਈ ਵਾਰੀ ਨਹੀਂ ਵੀ ਆਈ ਹੈ ਤਾਂ ਉਨ੍ਹਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।