ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜੁਲਾਈ
ਇੱਥੇ ਅੱਜ ਪੰਜਾਬ ਨਾਲ ਸਬੰਧਤ ਐੱਨਆਰਆਈ ਪਰਿਵਾਰਾਂ ਦੇ ਵਫ਼ਦ ਨੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜਲੰਧਰ ਜ਼ਿਲ੍ਹੇ ਦੇ ਬਲਾਕ ਮਾਹਿਤਪੁਰ ਦੇ ਪਿੰਡ ਉਧੋਵਾਲ ਦੇ ਕਾਂਗਰਸੀ ਸਰਪੰਚ ਮਨਪ੍ਰੀਤ ਸਿੰਘ ਵੱਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਕੈਨੇਡਾ ਵਿੱਚ ਵਸਦੇ ਗੁਰਪ੍ਰੀਤ ਸਿੰਘ ਮਾਨ ਦੇ ਪਰਿਵਾਰ ਦੀ ਮਾਲਕੀ ਵਾਲੀ ਜ਼ਮੀਨ ਦੀ ਦੀਵਾਰ ਢਾਹ ਕੇ ਆਪਣੇ ਨਾਲ ਲੱਗਦੀ ਕੋਠੀ ਵਿੱਚ ਮਿਲਾਉਣ ’ਤੇ ਸਰਪੰਚ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਨਾਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਜ਼ਮੀਨ ਵਿਦੇਸ਼ ਰਹਿੰਦੇ ਪਰਿਵਾਰ ਦੇ ਸਪੁਰਦ ਕਰਨ ਦੀ ਮੰਗ ਕੀਤੀ। ਇਸ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਦੀ ਅਗਵਾਈ ਹੇਠ ਦਰਜਨ ਐੱਨਆਰਆਈ ਪਰਿਵਾਰਾਂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੈਬਨਿਟ ਮੰਤਰੀ ਧਾਲੀਵਾਲ ਨੇ ਐੱਸਐੱਸਪੀ ਜਲੰਧਰ ਨੂੰ ਲਿਖਤੀ ਦਰਖਾਸਤ ਭੇਜਦਿਆਂ ਮੌਕੇ ’ਤੇ ਪੜਤਾਲ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ। ਵਫ਼ਦ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਮਾਨ ਦਾ ਪਰਿਵਾਰ ਲੰਮੇ ਸਮੇਂ ਤੋਂ ਕੈਨੇਡਾ ਵਿਚ ਵਸਿਆ ਹੋਇਆ ਹੈ। ਉਸ ਦੀ ਗ਼ੈਰਹਾਜ਼ਰੀ ਦਾ ਫਾਇਦਾ ਚੁੱਕ ਕੇ ਕਾਂਗਰਸੀ ਸਰਪੰਚ ਨੇ ਆਪਣੇ ਅਹੁਦੇ ਤੇ ਸਿਆਸੀ ਰਸੂਖ਼ ਦੀ ਦੁਰਵਰਤੋਂ ਕਰਦਿਆਂ ਨਾਜਾਇਜ਼ ਕਬਜ਼ੇ ਦੀ ਥਾਂ ’ਤੇ ਰਾਤੋ ਰਾਤ ਸ਼ੈੱਡ ਉਸਾਰ ਦਿੱਤਾ। ਤਰਸੇਮ ਪੀਟਰ ਨੇ ਕਿਹਾ ਕਿ ਹੁਣ ਸਰਪੰਚ ਬੀਡੀਪੀਓ ਮਹਿਤਪੁਰ ਦੀ ਮਿਲੀਭੁਗਤ ਨਾਲ ਨਾਜਾਇਜ਼ ਕਬਜ਼ੇ ਵਾਲੀ ਥਾਂ ਅੱਗੇ ਸਰਕਾਰੀ ਇੰਟਰਲਾਕ ਟਾਈਲਾਂ ਲਾ ਕੇ ਨਾਜਾਇਜ਼ ਕਬਜ਼ੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਫ਼ਦ ਵਿੱਚ ਗੁਰਪ੍ਰੀਤ ਸਿੰਘ ਮਾਨ, ਦਲਜੀਤ ਸਿੰਘ ਕਾਹਲੋਂ, ਤਰਨਜੀਤ ਮਾਨ, ਸੁਖਵਿੰਦਰ ਸਿੰਘ, ਅਮਰ ਸਿੰਘ ਸਾਬਕਾ ਬਲਾਕ ਸਮਿਤੀ ਮੈਂਬਰ, ਸੁਰਿੰਦਰ ਕੌਰ, ਪਰਮਜੀਤ ਮਾਨ, ਮਨਜੀਤ ਕੌਰ ਸ਼ਾਮਲ ਸਨ।