ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜੁਲਾਈ
ਪੰਜਾਬ ਨਾਲ ਸਬੰਧਤ 11 ਪੀਸੀਐੱਸ ਅਧਿਕਾਰੀਆਂ ਨੂੰ ਕਰੋਨਾ ਦੀ ਲਾਗ ਨੇ ਘੇਰ ਲਿਆ ਹੈ। ਇਹ ਅਧਿਕਾਰੀ, ਪੀਸੀਐੱਸ ਅਧਿਕਾਰੀਆਂ ਦੀ ਐਸੋਸੀਏਸ਼ਨ ਵੱਲੋਂ 3 ਜੁਲਾਈ ਨੂੰ ਚੰਡੀਗੜ੍ਹ ਦੇ ਇਕ ਹੋਟਲ ਵਿੱਚ ਕੀਤੀ ਮੀਟਿੰਗ ਵਿੱਚ ਸ਼ਾਮਲ ਸਨ। ਫਰੀਦਕੋਟ ’ਚ ਆਰਟੀਏ ਵਜੋਂ ਤਾਇਨਾਤ ਪੀਸੀਐੱਸ ਅਧਿਕਾਰੀ ਤਰਸੇਮ ਚੰਦ ਦੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਦਰਜ ਕਰਵਾਉਣ ਦੇ ਇਰਾਦੇ ਨਾਲ ਸੱਦੀ ਇਸ ਮੀਟਿੰਗ ਵਿੱਚ ਕੁੱਲ ਮਿਲਾ ਕੇ 40 ਦੇ ਕਰੀਬ ਪੀਸੀਐੱਸ ਅਧਿਕਾਰੀ ਮੌਜੂਦ ਸਨ। ਕਰੋਨਾ ਪਾਜ਼ੇਟਿਵ ਨਿਕਲਣ ਵਾਲੇ ਅਧਿਕਾਰੀਆਂ ’ਚ ਲੁਧਿਆਣਾ ਦੇ ਏਡੀਸੀ (ਜਨਰਲ) ਅਮਰਜੀਤ ਸਿੰਘ ਬੈਂਸ, ਐੱਸਡੀਐੱਮ (ਖੰਨਾ) ਸੰਦੀਪ ਸਿੰਘ, ਏਡੀਸੀ ਜਗਰਾਓਂ ਨੀਰੂ ਕਟਿਆਲ ਗੁਪਤਾ, ਹੁਸ਼ਿਆਰਪੁਰ ਦੇ ਮਿਊਂਸਿਪਲ ਕਮਿਸ਼ਨਰ ਬਲਬੀਰ ਰਾਜ, ਐਸਡੀਐੱਮ (ਹੁਸ਼ਿਆਰਪੁਰ) ਅਮਿਤ ਮਹਾਜਨ, ਐਸਡੀਐਮ (ਫਗਵਾੜਾ) ਪਵਿੱਤਰ ਸਿੰਘ, ਐੱਸਡੀਐੱਮ (ਮੁਹਾਲੀ) ਜਗਦੀਪ ਸਿੰਘ, ਐੱਸਡੀਐੱਮ (ਫ਼ਤਿਹਗੜ੍ਹ ਸਾਹਿਬ) ਦਿਪਾਂਕਰ ਗਰਗ, ਡਾਇਰੈਕਟਰ (ਰੁਜ਼ਗਾਰ) ਰਾਜੀਪ ਗੁਪਤਾ, ਹਰਜੀਤ ਸੰਧੂ (ਸਕੱਤਰ) ਰਾਜ ਟਰਾਂਸਪੋਰਟ ਅਥਾਰਿਟੀ ਚੰਡੀਗੜ੍ਹ ਤੇ ਐੱਸਡੀਐੱਮ (ਰੋਪੜ) ਗੁਰਵਿੰਦਰ ਜੌਹਲ ਸ਼ਾਮਲ ਹਨ। ਮੁੱਖ ਸਕੱਤਰ ਵਿਨੀ ਮਹਾਜਨ ਨੇ ਇਕ ਟਵੀਟ ਕਰਕੇ ਇਨ੍ਹਾਂ ਸਾਰੇ ਅਧਿਕਾਰੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਸੂਤਰਾਂ ਮੁਤਾਬਕ ਮੀਟਿੰਗ ’ਚ ਸ਼ਾਮਲ ਅੱਠ ਅਧਿਕਾਰੀਆਂ ਦੀਆਂ ਰਿਪੋਰਟਾਂ ਅਜੇ ਆਉਣੀਆਂ ਬਾਕੀ ਹਨ ਜਦੋਂਕਿ ਹੋਰਨਾਂ ਅਧਿਕਾਰੀਆਂ ਨੇ ਟੈਸਟ ਕਰਵਾਉਣ ਦੀ ਤਿਆਰੀ ਖਿੱਚ ਲਈ ਹੈ।