ਬਹਾਦਰਜੀਤ ਸਿੰਘ
ਰੂਪਨਗਰ, 9 ਅਗਸਤ
ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ (ਆਈਆਈਟੀ), ਰੋਪੜ ਵਿਖੇ ਖੇਤੀਬਾੜੀ ਤੇ ਜਲ ਦੇ ਖੇਤਰ ਵਿਚ ਤਕਨਾਲੋਜੀ ਨਵੀਨਤਾ ਕੇਂਦਰ (ਟੀਆਈਐੱਚ) ਸਥਾਪਤ ਕਰਨ ਦੇ ਲਈ 110 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਆਈਆਈਟੀ ਰੋਪੜ ਦੇ ਨਿਰਦੇਸ਼ਕ ਪ੍ਰੋ. ਸਰਿਤ ਕੁਮਾਰ ਦਾਸ ਨੇ ਕਿਹਾ ਕਿ ਖੇਤੀਬਾੜੀ ਅਤੇ ਜਲ ਤਕਨਾਲੋਜੀ ਵਿਕਾਸ ਕੇਂਦਰ, ਜਿਸ ਦਾ ਉਦੇਸ਼ ਪਰਾਲੀ ਪ੍ਰਬੰਧਨ, ਜਲ ਗੁਣਵੱਤਾ ਵਿਚ ਸੁਧਾਰ, ਪਾਣੀ, ਮਿੱਟੀ ਵਿਚ ਖਤਰਨਾਕ ਪਦਾਰਥਾਂ ਦੀ ਜਾਂਚ ਕਰਕੇ ਅਤੇ ਉਨ੍ਹਾਂ ਨੂੰ ਠੀਕ ਕਰਨਾ ਅਤੇ ਖੇਤੀਬਾੜੀ ਖੇਤਰਾਂ ਵਿਚ ਆਈਓਟੀ ਅਧਾਰਤ ਸਾਈਬਰ ਭੌਤਿਕ ਪ੍ਰਣਾਲੀ (ਸੀਪੀਐੱਸ) ਤਕਨਾਲੋਜੀ ਦੀ ਤਾਇਨਾਤੀ ਕਰਨਾ ਹੈ। ਇਸ ਨਵੀਨਤਮ ਖੋਜ ਕੇਂਦਰ ਦਾ ਮੁੱਖ ਉਦੇਸ਼ ਖੇਤੀਬਾੜੀ ਨੂੰ ਵੱਧ ਤੋਂ ਵੱਧ ਅਨੂਕੁਲ ਸਰੋਤਾਂ ਦੇ ਨਾਲ ਇੱਕ ਲਾਭਦਾਇਕ ਉਦਯੋਗ ਬਣਾਉਣਾ ਹੈ। ਇਸ ਕੇਂਦਰ ਦੀ ਮੁੱਖ ਟੀਮ ਵਿਚ ਡਾ. ਪ੍ਰਾਬੀਰ ਸਰਕਾਰ, ਡਾ. ਨੀਰਜ ਗੋਇਲ, ਡਾ. ਨੀਲਕੰਠ ਨਿਰਮਲਕਰ, ਡਾ. ਸੁਮਨ ਕੁਮਾਰ , ਡਾ. ਐੱਲ ਵਿਜੇ ਅਨੰਦ, ਡਾ. ਪੁਸ਼ਪੇਂਦਰ ਪੀ ਸਿੰਘ ਅਤੇ ਡਾ. ਮੁਕੇਸ਼ ਕੁਮਾਰ ਸ਼ਾਮਲ ਹਨ। ਕੇਂਦਰ ਕੋਆਰਡੀਨੇਟਰ ਡਾ. ਪੁਸ਼ਪੇਂਦਰ ਪੀ ਸਿੰਘ ਨੇ ਕਿਹਾ ਕਿ ਭਾਰਤ ਵਿਚ ਹਰੇ ਇਨਕਲਾਬ ਦੀ ਸਫਲਤਾ ਦੇ ਨਾਲ ਨਾਲ ਖਾਦ, ਪਾਣੀ ਅਤੇ ਕੀਟਨਾਸ਼ਕਾਂ ਦੀ ਪ੍ਰਤੀ ਹੈਕਟੇਅਰ ਵੱਧ ਵਰਤੋਂ ਮਿੱਟੀ ਅਤੇ ਪਾਣੀ ਦੀ ਕੁਆਲਟੀ ਅਤੇ ਸਮੁੱਚੇ ਖੇਤੀਬਾੜੀ ਵਾਤਾਵਰਣ ਵਿੱਚ ਗਿਰਾਵਟ ਦਾ ਕਾਰਨ ਬਣ ਗਈ। ਇਸ ਕੇਂਦਰ ਦਾ ਮੁੱਖ ਉਦੇਸ਼ ਇਸ ਰੁਝਾਨ ਨੂੰ ਸੁਧਾਰਨਾ ਹੈ।