ਗੁਰਬਖਸ਼ਪੁਰੀ
ਤਰਨ ਤਾਰਨ, 10 ਨਵੰਬਰ
ਕੌਮੀ ਸ਼ਾਹ ਮਾਰਗ ਨੰਬਰ 54 ’ਤੇ ਸਰਹਾਲੀ ਪਿੰਡ ਨੇੜੇ ਅੱਜ ਸਵੇਰ ਵੇਲੇ ਧੁਆਂਖੀ ਧੁੰਦ ਕਰਨ ਸਪੱਸ਼ਟ ਦਿਖਾਈ ਨਾ ਦੇਣ ਕਰਕੇ ਟੈਂਪੂ ਟਰੈਵਲਰ ਅਤੇ ਟਰੱਕ ਦੀ ਟੱਕਰ ਹੋ ਗਈ। ਇਸ ਕਾਰਨ ਟੈੈਂਪੂ ਵਿੱਚ ਸਵਾਰ 25 ਵਿੱਚੋਂ 12 ਕਾਲਜ ਲੈਕਚਰਾਰ ਅਤੇ ਲਾਇਬਰੇਰੀਅਨ ਜ਼ਖ਼ਮੀ ਹੋ ਗਏ| ਇਹ ਸਾਰੇ ਸਰਕਾਰ ਖ਼ਿਲਾਫ਼ ਕੀਤੇ ਜਾਣ ਵਾਲੇ ਰੋਸ ਵਿਖਾਵੇ ਵਿੱਚ ਸ਼ਾਮਲ ਹੋਣ ਲਈ ਗਿੱਦੜਬਾਹਾ ਵਿਧਾਨ ਸਭਾ ਹਲਕੇ ਲਈ ਜਾ ਰਹੇ ਸਨ| ‘1158 ਸਹਾਇਕ ਪ੍ਰੋਫੈਸਰ ਅਤੇ ਲਾਇਬਰੇਰੀਅਨ ਫਰੰਟ, ਪੰਜਾਬ’ ਦੇ ਝੰਡੇ ਹੇਠ ਇਹ ਲੋਕ ਬੀਤੇ ਕਰੀਬ ਤਿੰਨ ਸਾਲ ਤੋਂ ਆਪਣੀਆਂ ਮੰਗਾਂ ਲਈ ਸਰਕਾਰ ਖ਼ਿਲਾਫ਼ ਸੰਘਰਸ਼ ਕਰਦੇ ਆ ਰਹੇ ਹਨ|
ਫਰੰਟ ਦੇ ਆਗੂ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਤੋਂ ਟੈਂਪੂ ਟਰੈਵਲਰ ਵਿੱਚ 25 ਦੇ ਕਰੀਬ ਲੈਕਚਰਾਰ ਅਤੇ ਲਾਇਬਰੇਰੀਅਨ ਗਿੱਦੜਬਾਹਾ ਲਈ ਜਾ ਰਹੇ ਸਨ ਤਾਂ ਸਰਹਾਲੀ ਤੋਂ ਥੋੜ੍ਹਾ ਅੱਗੇ ਲੋਡਿਡ ਟਰੱਕ ਨੇ ਉਨ੍ਹਾਂ ਦੇ ਵਾਹਨ ਨੂੰ ਗਲਤ ਸਾਈਡ ਤੋਂ ਆ ਕੇ ਟੱਕਰ ਮਾਰ ਦਿੱਤੀ। ਇਸ ਨਾਲ ਉਨ੍ਹਾਂ ਦੇ 12 ਸਾਥੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਗੁਰਪ੍ਰੀਤ ਕੌਰ, ਬਲਜਿੰਦਰ ਸਿੰਘ, ਸਿਮਰਨਜੀਤ ਕੌਰ, ਪਵਨ ਆਦਿ ਸ਼ਾਮਲ ਹਨ| ਥਾਣਾ ਸਰਹਾਲੀ ਦੀ ਪੁਲੀਸ ਅਤੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ, ਸਰਹਾਲੀ ਦਾਖ਼ਲ ਕਰਵਾਇਆ ਗਿਆ। ਇੱਥੇ ਸਹੂਲਤਾਂ ਦੀ ਘਾਟ ਹੋਣ ਕਰਕੇ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈੱਫਰ ਕਰ ਦਿੱਤਾ ਗਿਆ| ਜਥੇਬੰਦੀ ਦੇ ਆਗੂ ਬਲਜਿੰਦਰ ਸਿੰਘ ਨੇ ਇਸ ਹਾਦਸੇ ਲਈ ਸੂਬਾ ਸਰਕਾਰ ਨੂੰ ਕਸੂਰਵਾਰ ਆਖਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਬਿਨਾਂ ਕਾਰਨ ਡਿਊਟੀਆਂ ’ਤੇ ਜੁਆਇਨ ਕਰਵਾਉਣ ਲਈ ਤਿਆਰ ਨਹੀਂ ਹੋ ਰਹੀ, ਜਿਸ ਕਰਕੇ ਉਨ੍ਹਾਂ ਸੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਹੋਇਆ ਹੈ|
ਧੁਆਂਖੀ ਧੁੰਦ ਕਾਰਨ ਅੱਧੀ ਦਰਜਨ ਵਾਹਨ ਭਿੜੇ
ਲੰਬੀ (ਇਕਬਾਲ ਸ਼ਾਂਤ): ਇੱਥੇ ਮਲੋਟ-ਸਿਰਸਾ ਰੋਡ ਬਾਈਪਾਸ (ਐੱਨਐੱਚ-9) ਦੇ ਉਸਾਰੀ ਅਧੀਨ ਫਲਾਈਓਵਰ ’ਤੇ ਅੱਜ ਧੁਆਂਖੀ ਧੁੰਦ ਕਾਰਨ ਅੱਧੀ ਦਰਜਨ ਵਾਹਨ ਆਪਸ ਵਿੱਚ ਟਕਰਾ ਗਏ। ਪਿੰਡ ਸਿੰਘੇਵਾਲਾ ਢਾਣੀਆਂ ਨੇੜੇ ਵਾਪਰੇ ਹਾਦਸੇ ਵਿੱਚ ਪਿੱਕਅਪ ਪਲਟਣ ਕਰਕੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਦੌਰਾਨ ਇੱਕ ਗਊ ਵੀ ਜ਼ਖ਼ਮੀ ਹੋ ਗਈ। ਲੰਬੀ ਵਾਲੇ ਪਾਸਿਓਂ ਤੋਂ ਡੱਬਵਾਲੀ ਵੱਲ ਜਾਂਦੇ ਪਿੱਕਅੱਪ, ਕਾਰਾਂ, ਟਰੱਕ ਅਤੇ ਹੋਰ ਵਾਹਨ ਆਪਸ ਵਿੱਚ ਟਕਰਾ ਗਏ। ਧੁਆਂਖੀ ਧੁੰਦ ਕਾਰਨ ਉਸਾਰੀ ਅਧੀਨ ਫਲਾਈਓਵਰ ਦੇ ਅੱਗੇ ਲੱਗੀਆਂ ਰੋਕਾਂ ਦੂਰੋਂ ਨਾ ਵਿਖਾਈ ਦੇਣ ਕਰਕੇ ਪਹਿਲੇ ਵਾਹਨ ਨੇ ਬਰੇਕਾਂ ਲਗਾ ਦਿੱਤੀਆਂ, ਜਿਸ ਦੇ ਪਿੱਛੇ ਆਉਂਦੇ ਵਾਹਨ ਇੱਕ-ਦੂਸਰੇ ਨਾਲ ਟਕਰਾਉਂਦੇ ਗਏ। ਇਸੇ ਟੱਕਰ ਵਿੱਚ ਪਸ਼ੂਆਂ ਨਾਲ ਲੱਦੀ ਪਿਕਅਪ ਪਲਟ ਗਈ। ਇਸ ਖੇਤਰ ਦੇ ਵਾਸੀ ਸੇਵਾਮੁਕਤ ਸਕੱਤਰ ਜਗਵੰਤ ਸਿੰਘ ਨੇ ਦੱਸਿਆ ਕਿ ਉਸਾਰੀ ਕਰਕੇ ਫਲਾਈਓਵਰ ਸੀਮਿੰਟ ਦੀਆਂ ਉੱਚੀਆਂ ਰੋਕਾਂ ਨਾਲ ਬੰਦ ਹੈ। ਧੂੰਏਂ ਅਤੇ ਧੁੰਦ ਕਾਰਨ ਤੇਜ਼ ਵਾਹਨਾਂ ਨੂੰ ਰੋਕਾਂ ਵਿਖਾਈ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਚਹੁੰ ਮਾਰਗੀ ਸੜਕ ਬਣਨ ਮਗਰੋਂ ਇਹ ਥਾਂ ਹਾਦਸਿਆਂ ਦਾ ਘਰ ਬਣ ਗਈ ਹੈ। ਪਿਛਲੇ ਵਰ੍ਹੇ ਵੀ ਇੱਥੇ ਕਾਫ਼ੀ ਹਾਦਸੇ ਵਾਪਰੇ ਸਨ। ਪੰਜਾਬ ਪੁਲੀਸ ਦੀ ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਰਮੇਸ਼ ਕੁਮਾਰ ਅਤੇ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਫਲਾਈਓਵਰ ’ਤੇ ਧੁੰਦ ਕਾਰਨ ਆਪਸ ਵਿੱਚ ਛੇ ਵਾਹਨ ਟਕਰਾ ਗਏ। ਉਨ੍ਹਾਂ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਾਦਲ ਪਹੁੰਚਾਇਆ ਅਤੇ ਸੜਕੀ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ।