ਸਰਬਜੀਤ ਭੰਗੂ/ਬਹਾਦਰ ਸਿੰਘ ਮਰਦਾਂਪੁਰ
ਪਟਿਆਲਾ/ਰਾਜਪੁਰਾ, 4 ਜੂਨ
ਪਿੰਡ ਨਲਾਸ ਕੋਲ ਸਥਿਤ ਨਾਭਾ ਥਰਮਲ ਪਲਾਂਟ ਰਾਜਪੁਰਾ ਲਈ ਕੋਲੇ ਦੀ ਸਪਲਾਈ ਪਹੁੰਚਦੀ ਕਰਨ ਲਈ ਬਣਾਏ ਗਏ ਨੌ ਕਿਲੋਮੀਟਰ ਲੰਮੇ ਰੇਲਵੇ ਟਰੈਕ ਦੇ ਢਾਈ ਕਿਲੋਮੀਟਰ ਇਨਾਕੇ ਵਿੱਚੋਂ ਬੀਤੀ ਰਾਤ ਕਿਸੇ ਨੇ ਰੇਲਵੇ ਟਰੈਕ ਨੂੰ ਮਜ਼ਬੂਤੀ ਦੇਣ ਵਾਲੇ 1200 ਕਲਿੱਪ ਉਤਾਰ ਲਏ। ਮਜ਼ਬੂਤ ਲੋਹੇ ਦੇ ਇਹ ਕਲਿੱਪ ਰੇਲਵੇ ਟਰੈਕ/ਲਾਈਨ ਦੇ ਉਪਰੋਂ ਦੀ ਲੰਘਾ ਕੇ ਹੇਠਾਂ ਧਰਤੀ ’ਚ ਗੱਡੇ ਹੁੰਦੇ ਹਨ, ਜਿਸ ਨਾਲ ਟਰੈਕ ਦੀ ਜ਼ਮੀਨ ’ਚ ਪਕੜ ਮਜ਼ਬੂਤ ਬਣੀ ਰਹਿੰਦੀ ਹੈ। ਕਲਿੱਪਾਂ ਦੀ ਗ਼ੈਰਮੌਜੂਦਗੀ ਵਿੱਚ ਰੇਲ ਗੱਡੀ ਦੇ ਲੀਹੋਂ ਪਲਟਣ ਦਾ ਖਤਰਾ ਖੜ੍ਹਾ ਹੋ ਜਾਂਦਾ ਹੈ। ਘੱਲੂਘਾਰਾ ਦੇ ਰੂਪ ’ਚ 6 ਜੂਨ ਨੂੰ ਮਨਾਈ ਜਾਣ ਵਾਲੀ ‘ਸਾਕਾ ਨੀਲਾ ਤਾਰਾ’ ਦੀ ਯਾਦਗਾਰ ਦੇ ਮੱਦੇਨਜ਼ਰ ਗਰਮਖਿਆਲੀ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ 4 ਜੂਨ ਨੂੰ ਪੰਜਾਬ ਵਿੱਚ ਰੇਲਵੇ ਆਵਜਾਈ ’ਚ ਵਿਘਨ ਪਾਉਣ ਦੀ ਦਿੱਤੀ ਧਮਕੀ ਕਾਰਨ ਪੁਲੀਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਸ਼ਨਿਚਰਵਾਰ ਨੂੰ ਥਰਮਲ ਮੁਲਾਜ਼ਮਾਂ ਨੇ ਗਸ਼ਤ ਦੌਰਾਨ ਇਹ ਕਲਿੱਪ ਗਾਇਬ ਵੇਖੇ, ਜਿਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਿਕ, ਰਾਜਪੁਰਾ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਤੇ ਹੋਰ ਅਧਿਕਾਰੀਆਂ ਨੇ ਵੀ ਮੌਕੇ ਦਾ ਜਾਇਜ਼ਾ ਲਿਆ। ਇਸ ਮਗਰੋਂ ਪੰਜਾਬ ਭਰ ਦੇ ਸਮੂਹ ਥਰਮਲਾਂ ਨੂੰ ਜਾਂਦੇ ਰੇਲਵੇ ਟਰੈਕਾਂ ’ਤੇ ਚੌਕਸੀ ਵੀ ਵਧਾ ਦਿੱਤੀ ਹੈ।