ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ /ਘਨੌਰ, 30 ਜੁਲਾਈ
ਥਾਣਾ ਸ਼ੰਭੂ ਦੀ ਪੁਲੀਸ ਨੇ ਇੱਕ ਨੌਜਵਾਨ ਨੂੰ ਮੁਖਬਰੀ ਦੇ ਆਧਾਰ ’ਤੇ ਪਿੰਡ ਮਹਿਮੂਦਪੁਰ ਕੋਲੋਂ ਕਾਬੂ ਕਰ ਕੇ ਉਸ ਕੋਲੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬਰਾਮਦ ਕੀਤੇ ਗਏ 32 ਬੋਰ ਦੇ 13 ਪਿਸਤੌਲ ਅਤੇ ਕਾਰਤੂਸ ਮੁਲਜ਼ਮ ਨੇ ਕਿਸੇ ਬਾਹਰਲੇ ਰਾਜ ਤੋਂ ਲਿਆਂਦੇ ਸਨ, ਜੋ ਪੰਜਾਬ ਵਿਚਲੇ ਗੈਂਗਸਟਰਾਂ ਨੂੰ ਸਪਲਾਈ ਕੀਤੇ ਜਾਣੇ ਸਨ। ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਕੋਟਕਪੂਰਾ ਵਜੋਂ ਹੋਈ ਹੈ। ਮੁੱਢਲੀ ਪੁੱਛ-ਪੜਤਾਲ ਮਗਰੋਂ ਸੂਰਜ ਸਿੰਘ ਵਾਸੀ ਬਸਤੀ ਬਾਵਾ ਖੇਲ (ਜਲੰਧਰ) ਅਤੇ ਵਿਜੈ ਕੁਮਾਰ ਵਾਸੀ ਭੀਖਾ ਨੰਗਲ (ਜਲੰਧਰ) ਦੇ ਨਾਮ ਵੀ ਇਸ ਮਾਮਲੇ ’ਚ ਸਾਹਮਣੇ ਆਏ ਹਨ। ਪੁਲੀਸ ਨੇ ਇਨ੍ਹਾਂ ਤਿੰਨਾਂ ਖ਼ਿਲਾਫ਼ ਧਾਰਾ 472, 482 ਅਤੇ 34 ਸਮੇਤ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਟਿਆਲਾ ਦੇ ਸੀਆਈਏ ਸਟਾਫ਼ ਦੇ ਇੰਚਾਰਜ ਸ਼ਮਿੰੰਦਰ ਸਿੰਘ ਵੱਲੋਂ ਇੱਕ ਗਰੋਹ ਕੋਲੋਂ ਵੱਡੀ ਮਾਤਰਾ ’ਚ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ।