ਪੱਤਰ ਪ੍ਰੇਰਕ
ਸਮਾਣਾ, 9 ਅਕਤੂਬਰ
ਪਿੰਡ ਗਾਜ਼ੀਪੁਰ ਤੋਂ ਸੰਗਰੂਰ ਧਰਨੇ ’ਤੇ ਜਾ ਰਹੇ ਮਨਰੇਗਾ ਵਰਕਰਾਂ ਨਾਲ ਭਰਿਆ ਛੋਟਾ ਹਾਥੀ (ਟੈਂਪੂ) ਪਲਟਣ ਕਾਰਨ 15 ਔਰਤਾਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਹੋਣ ਵਾਲੀਆਂ ਕਾਰਕੁਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸਿਵਲ ਹਸਪਤਾਲ ਵਿੱਚ ਪਹੁੰਚੇ ਗੁਰਦੀਪ ਸਿੰਘ ਅਤੇ ਮਨਵੀਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਆਪਣੀਆਂ ਮੰਗਾਂ ਦੀ ਪੂਰਤੀ ਲਈ ਸ਼ਨਿਚਰਵਾਰ ਨੂੰ ਮਨਰੇਗਾ ਵਰਕਰਾਂ ਵੱਲੋਂ ਸਰਕਾਰ ਖ਼ਿਲਾਫ਼ ਸੰਗਰੂਰ ਵਿੱਚ ਧਰਨੇ ਦਾ ਪ੍ਰੋਗਰਾਮ ਸੀ। ਇਸ ਧਰਨੇ ਵਿਚ ਸ਼ਾਮਲ ਹੋਣ ਲਈ ਪਿੰਡ ਗਾਜ਼ੀਪੁਰ ਤੋਂ ਕਰੀਬ ਡੇਢ ਦਰਜਨ ਤੋਂ ਵੱਧ ਔਰਤਾਂ ਅਤੇ ਹੋਰ ਵਰਕਰ ਇਕ ਛੋਟੇ ਟੈਂਪੂ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਇਸੇ ਦੌਰਾਨ ਅਗਲੇ ਪਿੰਡ ਕਲਬੁਰਛਾਂ ਨੇੜੇ ਸੰਤੁਲਨ ਵਿਗੜਨ ਨਾਲ ਟੈਂਪੂ ਪਲਟ ਗਿਆ। ਡਾਕਟਰਾਂ ਅਨੁਸਾਰ ਇਲਾਜ ਅਧੀਨ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।