ਜਗਮੋਹਨ ਸਿੰਘ
ਰੋਪੜ, 18 ਅਪਰੈਲ
ਰੋਪੜ ਨੇੜੇ ਦੇਰ ਰਾਤ ਮਾਲ ਗੱਡੀ ਸਾਹਮਣੇ ਲਾਵਾਰਸ ਪਸ਼ੂ ਆ ਜਾਣ ਕਾਰਨ ਮਾਲ ਗੱਡੀ ਹਾਦਸਗ੍ਰਸਤ ਹੋ ਗਈ ਤੇ ਗੱਡੀ ਦੇ 16 ਡੱਬੇ ਪਟੜੀ ਤੋਂ ਲੱਥ ਗਏ। ਜਾਣਕਾਰੀ ਅਨੁਸਾਰ ਇਹ ਮਾਲ ਗੱਡੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੋਂ ਕੋਲਾ ਲਾਹ ਕੇ ਵਾਪਸ ਮੁੜ ਰਹੀ ਸੀ ਕਿ ਕੋਟਲਾ ਨਿਹੰਗ ਸਿੰਘ ਕੋਲ ਵੱਡੀ ਗਿਣਤੀ ਵਿਚ ਪਸ਼ੂ ਰੇਲ ਲਾਈਨ ’ਤੇ ਆ ਗਏ। ਇਸ ਹਾਦਸੇ ਦੌਰਾਨ ਰੇਲ ਗੱਡੀ ਦੇ ਡਰਾਈਵਰ ਅਤੇ ਗਾਰਡ ਦਾ ਬਚਾਅ ਹੋ ਗਿਆ ਪਰ ਗੱਡੀ ਦੇ 16 ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਦੌਰਾਨ ਰੇਲਵੇ ਲਾਈਨ ਦੇ ਖੰਭਿਆਂ ਨੂੰ ਵੀ ਨੁਕਸਾਨ ਪੁੱਜਾ ਹੈ। ਰੇਲਵੇ ਟਰੈਕ ’ਤੇ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ। ਇਸ ਹਾਦਸੇ ਤੋਂ ਥੋੜ੍ਹਾ ਸਮਾਂ ਪਹਿਲਾਂ ਦਿੱਲੀ ਨੂੰ ਜਾਣ ਵਾਲੀ ਗੱਡੀ ਸੁਰੱਖਿਅਤ ਲੰਘ ਗਈ ਸੀ। ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਗਏ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੇਲਵੇ ਅਧਿਕਾਰੀਆਂ ਅਨੁਸਾਰ ਇਸ ਲਾਈਨ ’ਤੇ ਰੇਲਵੇ ਆਵਾਜਾਈ ਅੱਜ ਸ਼ਾਮ ਤਕ ਬਹਾਲ ਕਰ ਦਿੱਤੀ ਜਾਵੇਗੀ।