ਚੰਡੀਗੜ੍ਹ (ਟਨਸ): ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨੇ ਰਿਕਾਰਡ 173 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਸ ਅਰਸੇ ਦੌਰਾਨ ਕਰੋਨਾ ਦੀ ਲਾਗ ਦੇ 7601 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ 9,645 ਵਿਅਕਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਸੂਬੇ ਵਿੱਚ ਹੁਣ ਤੱਕ 3.99 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਤੇ 3.27 ਲੱਖ ਤੋਂ ਵੱਧ ਠੀਕ ਵੀ ਹੋਏ ਹਨ। 61,935 ਵਿਅਕਤੀ ਇਲਾਜ ਅਧੀਨ ਹਨ। ਪਿਛਲੇ 24 ਘੰਟਿਆਂ ਵਿੱਚ ਲੁਧਿਆਣਾ ਤੇ ਬਠਿੰਡਾ ’ਚ 20-20, ਅੰਮ੍ਰਿਤਸਰ ਤੇ ਪਟਿਆਲ਼ਾ ’ਚ 16-16, ਮੁਹਾਲੀ 12, ਫਾਜ਼ਿਲਕਾ ਤੇ ਸੰਗਰੂਰ ’ਚ 10-10, ਮੁਕਤਸਰ ਤੇ ਜਲੰਧਰ ’ਚ 8-8, ਫਰੀਦਕੋਟ, ਫ਼ਿਰੋਜ਼ਪੁਰ, ਹੁਸ਼ਿਆਰਪੁਰ ਤੇ ਪਠਾਨਕੋਟ ’ਚ 6-6, ਰੋਪੜ ਤੇ ਗੁਰਦਾਸਪੁਰ ’ਚ 5-5, ਤਰਨ ਤਾਰਨ ਤੇ ਗੁਰਦਾਸਪੁਰ ’ਚ 4-4, ਮੋਗਾ ਤੇ ਬਰਨਾਲਾ ’ਚ 3-3, ਮਾਨਸਾ ਤੇ ਫਾਜ਼ਿਲਕਾ 2-2 ਅਤੇ ਨਵਾਂ ਸ਼ਹਿਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ।
ਰਾਜਿੰਦਰਾ ਹਸਪਤਾਲ ’ਚ ਰਿਕਾਰਡ 41 ਹੋਰ ਕਰੋਨਾ ਮਰੀਜ਼ਾਂ ਦੀ ਮੌਤ
ਪਟਿਆਲਾ(ਖੇਤਰੀ ਪ੍ਰਤੀਨਿਧ): ਸਥਾਨਕ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 41 ਹੋਰ ਮਰੀਜ਼ ਕਰੋਨਾ ਦੀ ਭੇਟ ਚੜ੍ਹ ਗਏ ਹਨ। ਇਨ੍ਹਾਂ ਵਿਚੋਂ 12 ਮਰੀਜ਼ ਪਟਿਆਲਾ ਜ਼ਿਲ੍ਹੇ ਤੇ 27 ਹੋਰ ਪੰਜਾਬ ਦੇ ਹੀ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ। ਦੋ ਮ੍ਰਿਤਕਾਂ ਦਾ ਸਬੰਧ ਪੰਜਾਬ ਤੋਂ ਬਾਹਰਲੇ ਰਾਜਾਂ ਨਾਲ ਹੈ। ਉਂਜ ਅੱਜ ਪਟਿਆਲਾ ਵਿਚ 16 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ, ਕਿਉਂਕਿ 12 ਤਾਂ ਰਾਜਿੰਦਰਾ ਹਸਪਤਾਲ ’ਚ ਫੌਤ ਹੋਏ ਹਨ ਜਦੋਂਕਿ ਪਟਿਆਲਾ ਜ਼ਿਲ੍ਹੇ ਨਾਲ਼ ਸਬੰਧਤ ਚਾਰ ਕਰੋਨਾ ਮਰੀਜ਼ਾਂ ਦੀ ਹੋਰ ਵੱਖ ਵੱਖ ਹਸਪਤਾਲਾਂ ਵਿਚ ਵੀ ਮੌਤ ਹੋਈ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ’ਚ ਅਜੇ ਤੱਕ ਆਕਸੀਜਨ ਦੀ ਕੋਈ ਕਮੀ ਨਹੀਂ ਹੈ।