ਟ੍ਰਿਬਿਊਨ ਨਿਊਜ਼ ਸਰਵਿਜ਼
ਅੰਮ੍ਰਿਤਸਰ, 17 ਅਪਰੈਲ
ਸਥਾਨਕ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਸ਼ਾਰਜਾਹ ਤੋਂ ਆਏ ਦੋ ਯਾਤਰੂਆਂ ਨੂੰ 1848 ਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇੰਡੀਗੋ ਹਵਾਈ ਕੰਪਨੀ ਦੀ ਇਹ ਉਡਾਣ ਬੀਤੀ ਦੇਰ ਰਾਤ ਸ਼ਾਰਜਾਹ ਤੋਂ ਇਥੇ ਪੁੱਜੀ ਸੀ। ਇਸ ਦੌਰਾਨ ਜਦੋਂ ਜਾਂਚ ਕੀਤੀ ਗਈ ਤਾਂ ਦੋਹਾਂ ਯਾਤਰੂਆਂ ਕੋਲੋਂ ਇਹ ਸੋਨਾ ਬਰਾਮਦ ਹੋਇਆ, ਜੋ ਉਨ੍ਹਾਂ ਨੇ ਹਵਾਈ ਜਹਾਜ਼ ਦੀ ਸੀਟ ਦੀ ਜੇਬ ਵਿਚ ਲੁਕਾਇਆ ਹੋਇਆ ਸੀ। ਇਸ ਸੋਨੇ ਦਾ ਵਜ਼ਨ 1848 ਗ੍ਰਾਮ ਹੈ, ਜਿਸ ਵਿਚ ਕੁਝ ਗਹਿਣੇ ਵੀ ਸ਼ਾਮਲ ਹਨ। ਉਨ੍ਹਾਂ ਵੱਲੋਂ ਇਹ ਸੋਨਾ ਬਿਨਾਂ ਡਿਊਟੀ ਤੋਂ ਭਾਰਤ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਪ੍ਰਵੇਸ਼ ਜੋਸ਼ੀ ਵਾਸੀ ਫ਼ਤਹਿਗੜ੍ਹ ਸਾਹਿਬ ਅਤੇ ਨਰਿੰਦਰ ਕੁਮਾਰ ਜੋਸ਼ੀ ਵਾਸੀ ਮੰਡੀ ਗੋਬਿੰਦਗੜ ਵਜੋਂ ਹੋਈ ਹੈ। ਜਾਂਚ ਅਧਿਕਾਰੀਆਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।