ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 8 ਨਵੰਬਰ
ਇਥੋਂ ਦੀ ਕੇਂਦਰੀ ਜੇਲ੍ਹ ਅੰਦਰੋਂ ਹਵਾਲਾਤੀਆਂ ਅਤੇ ਕੈਦੀਆਂ ਕੋਲੋਂ ਇਕ ਦਿਨ ਵਿੱਚ ਹੀ 19 ਮੋਬਾਈਲ ਫੋਨ ਬਰਾਮਦ ਹੋਏ ਹਨ। ਜੇਲ੍ਹ ਅਧਿਕਾਰੀਆਂ ਦੇ ਬਿਆਨ ’ਤੇ 11 ਕੈਦੀਆਂ ਖ਼ਿਲਾਫ਼ ਵੱਖ ਵੱਖ ਕੇਸ ਦਰਜ ਕੀਤੇ ਗਏ ਹਨ। ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬੀਤੇ ਦਿਨ ਤਲਾਸ਼ੀ ਦੌਰਾਨ ਵੱਖ ਵੱਖ ਵਾਰਡਾਂ ਵਿੱਚੋਂ 13 ਸਮਾਰਟ ਫੋਨ ਅਤੇ 6 ਕੀਪੈਡ ਫੋਨ ਬਰਾਮਦ ਹੋਏ ਹਨ। ਇਸ ਸਬੰਧੀ ਜੇਲ੍ਹ ਅਧਿਕਾਰੀਆਂ ਦੇ ਬਿਆਨ ਦੇ ਆਧਾਰ ’ਤੇ ਸਾਜਨ ਸਿੰਘ, ਬੰਸ, ਰਾਹੁਲ, ਅਕਾਸ਼, ਗੁਰਵਿੰਦਰ ਸਿੰਘ, ਚਾਰਲਸ ਮਸੀਹ, ਸੋਹਮ, ਜੋਬਨਜੀਤ ਸਿੰਘ, ਸਤਨਾਮ ਸਿੰਘ, ਗੁਰਮੀਤ ਸਿੰਘ ਅਤੇ ਹਰਜਿੰਦਰ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਵਿੱਚ ਮੋਬਾਈਲ ਫੋਨ ਲਿਜਾਣ ਦੀ ਸਖ਼ਤ ਮਨਾਈ ਹੈ। ਇਸ ਦੇ ਬਾਵਜੂਦ ਜੇਲ੍ਹ ’ਚੋਂ ਵੱਡੀ ਗਿਣਤੀ ਮੋਬਾਈਲ ਬਰਾਮਦ ਹੋਣੇ ਜੇਲ੍ਹ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਹਨ।