ਸ਼ਗਨ ਕਟਾਰੀਆ
ਬਠਿੰਡਾ, 30 ਦਸੰਬਰ
ਭਾਜਪਾ ਵੱਲੋਂ ਅੱਜ ਇੱਥੇ ਪੁਲੀਸ ਦੀ ਭਾਰੀ ਸੁਰੱਖਿਆ ਛਤਰੀ ਹੇਠ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਕਰੀਬ ਤਿੰਨ ਦਰਜਨ ਭਾਜਪਾ ਵਰਕਰਾਂ ਦੀ ਹਿਫ਼ਾਜ਼ਤ ਲਈ ਦੋ ਵਾਟਰ ਕੈਨਨ ਗੱਡੀਆਂ ਅਤੇ ਹੋਰ ਸੁਰੱਖਿਆ ਦੇ ਸਾਮਾਨ ਨਾਲ ਲਗਪਗ 200 ਪੁਲੀਸ ਮੁਲਾਜ਼ਮ ਤਾਇਨਾਤ ਸਨ। ਜ਼ਿਕਰਯੋਗ ਹੈ ਕਿ ਪੰਜ ਦਿਨ ਪਹਿਲਾਂ ਭਾਜਪਾ ਦੇ ਇਥੇ ਹੋ ਰਹੇ ਸਮਾਗਮ ਨੂੰ ਕਿਸਾਨੀ ਸੰਘਰਸ਼ ਦੇ ਸਮਰਥਕਾਂ ਨੇ ਟੈਂਟ ਤੇ ਕੁਰਸੀਆਂ ਦੀ ਭੰਨ੍ਹਤੋੜ ਕਰਕੇ ਰੁਕਵਾ ਦਿੱਤਾ ਸੀ। ਇਸੇ ਦੇ ਮੱਦੇਨਜ਼ਰ ਅੱਜ ਵੱਡੀ ਗਿਣਤੀ ਪੁਲੀਸ ਤਾਇਨਾਤ ਕੀਤੀ ਗਈ। ਇਸ ਮੌਕੇ ਹਾਜ਼ਰ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਦਿਆਲ ਦਾਸ ਸੋਢੀ, ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਅਤੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਵਿੱਚ ਗ਼ਲਤ ਬਿਆਨਬਾਜ਼ੀ ਕਰਨ ਵਾਲੇ ਬਿੱਟੂ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਕਿਸਾਨਾਂ ਨੂੰ ਭੜਕਾਉਣ ਅਤੇ ਉਕਸਾਉਣ ਦਾ ਕੰਮ ਕੀਤਾ ਹੈ। ਉਨਾਂ ਆਖਿਆ ਕਿ ਪੰਜਾਬ ਵਿੱਚ ਵਿਕਾਸ ਦੀ ਥਾਂ ਬਦਅਮਨੀ ਫ਼ੈਲਾਅ ਕੇ ਦੰਗੇ ਕਰਵਾਉਣਾ ਕਾਂਗਰਸ ਦਾ ਪੁਰਾਣਾ ਏਜੰਡਾ ਹੈ। ਇਸ ਦੌਰਾਨ ਭਾਜਪਾ ਯੁਵਾ ਮੋਰਚਾ ਦੇ ਇੰਚਾਰਜ ਅਤੇ ਜ਼ਿਲ੍ਹਾ ਆਗੂ ਉਮੇਸ਼ ਸ਼ਰਮਾ, ਸੰਜੀਵ ਡਾਗਰ ਅਤੇ ਗਗਨ ਗੋਇਲ ਨੇ ਦੋਸ਼ ਲਾਇਆ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਕਰਨ ’ਚ ਅਸਫ਼ਲ ਕਾਂਗਰਸੀ ਆਗੂ ਹੁਣ ਕਿਸਾਨਾਂ ਨੂੰ ਢਾਲ ਬਣਾ ਕੇ ਆਪਣੀ ਰਾਜਨੀਤਕ ਬੇੜੀ ਪਾਰ ਕਰਨੀ ਚਾਹੁੰਦੇ ਹਨ, ਜਿਸ ਵਿਚ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਣਗੇ। ਇਸ ਮਗਰੋਂ ਭਾਜਪਾ ਆਗੂਆਂ ਨੇ ਭੜਕਾਊ ਬਿਆਨ ਦੇਣ ਦੇ ਦੋਸ਼ ਹੇਠ ਰਵਨੀਤ ਬਿੱਟੂ ’ਤੇ ਦੇਸ਼ ਧਰੋਹ ਦਾ ਪਰਚਾ ਦਰਜ ਕਰਨ ਲਈ ਐੱਸਐੱਸਪੀ ਨੂੰ ਮੰਗ ਪੱਤਰ ਸੌਂਪਿਆ।
ਭੜਕਾਊ ਬਿਆਨ ਦੇਣ ’ਤੇ ਸੰਸਦ ਮੈਂਬਰ ਖ਼ਿਲਾਫ਼ ਪੁਲੀਸ ਕਾਰਵਾਈ ਮੰਗੀ
ਲੁਧਿਆਣਾ (ਗੁਰਿੰਦਰ ਸਿੰਘ): ਭਾਜਪਾ ਯੁਵਾ ਮੋਰਚਾ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਘਰ ਬਾਹਰ ਅਰਥੀ ਫੂਕ ਮੁਜ਼ਾਹਰਾ ਕਰਕੇ ਉਨ੍ਹਾਂ ਖ਼ਿਲਾਫ਼ ਪੁਲੀਸ ਕਾਰਵਾਈ ਦੀ ਮੰਗ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਕੁਸ਼ਾਗਰ ਕਸ਼ਯਪ ਦੀ ਅਗਵਾਈ ਹੇਠ ਹੋਏ ਇਸ ਮੁਜ਼ਾਹਰੇ ਦੌਰਾਨ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਰਿਹਾ ਹੈ ਕਿ ਉਹ ਨਿਰਦੋਸ਼ਾਂ ਦੇ ਕਾਤਲਾਂ ਦੀ ਪਾਰਟੀ ਹੈ ਅਤੇ ਰਵਨੀਤ ਬਿੱਟੂ ਵੱਲੋਂ ਉਸੇ ਸੋਚ ਮੁਤਾਬਕ ਲਾਸ਼ਾਂ ਦੇ ਢੇਰ ਲਾਉਣ ਵਾਲਾ ਬਿਆਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਰਵਨੀਤ ਬਿੱਟੂ ਦੀ ਅਰਥੀ ਸਜਾ ਕੇ ਸਿਵਲ ਲਾਈਨ ਸਥਿਤ ਸਰਕਾਰੀ ਕਾਲਜ ਬਾਹਰੋਂ ਰੋਸ ਮਾਰਚ ਸ਼ੁਰੂ ਕੀਤਾ, ਜੋ ਰੋਜ਼ ਗਾਰਡਨ ਸਥਿਤ ਬਿੱਟੂ ਦੀ ਰਿਹਾਇਸ਼ ਬਾਹਰ ਜਾ ਕੇ ਸਮਾਪਤ ਹੋਇਆ। ਇਸ ਮੌਕੇ ਮਹੇਸ਼ ਸ਼ਰਮਾ, ਰਾਕੇਸ਼ ਮਾਥੁਰ, ਨੀਰਜ ਜਿੰਦਲ, ਅਰੁਣ ਗੋਇਲ, ਕੁਨਾਲ ਸ਼ਰਮਾ ਸਮੇਤ ਹੋਰ ਆਗੂ ਹਾਜ਼ਰ ਸਨ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਭਾਜਪਾ ਯੁਵਾ ਮੋਰਚਾ ਵੱਲੋਂ ਅੱਜ ਇੱਥੇ ਹਾਥੀ ਗੇਟ ਅੱਗੇ ਗੌਤਮ ਅਰੋੜਾ ਦੀ ਅਗਵਾਈ ਹੇਠ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਰਾਜੇਸ਼ ਹਨੀ ਨੇ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।