ਜੋਗਿੰਦਰ ਸਿੰਘ ਓਬਰਾਏ
ਖੰਨਾ, 21 ਨਵੰਬਰ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 26-27 ਨਵੰਬਰ ਦਾ ‘ਦਿੱਲੀ ਚੱਲੋ’ ਇਤਿਹਾਸਕ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਖੇਤੀ ਹੀ ਨਾ ਰਹੀ ਤਾਂ ਸਭ ਕੁਝ ਤਹਿਸ ਨਹਿਸ ਹੋ ਜਾਵੇਗਾ। ਇਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜੇਵਾਲ ਨੇ ਕੇਂਦਰ ਸਰਕਾਰ ਦੇ ਵਤੀਰੇ ਨੂੰ ਦੇਸ਼ ਲਈ ਘਾਤਕ ਦੱਸਦਿਆਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ’ਚੋਂ ਨਲਾਇਕ ਤੇ ਕੁਝ ਘਰਾਣਿਆਂ ਦਾ ਹੱਥਠੋਕਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਾਡੇ ਵਰਕਰਾਂ ਨੇ ਅੰਦੋਲਨ ਦੌਰਾਨ ਕਿਸੇ ਦਾ ਫੁੱਲ ਤੱਕ ਨਹੀਂ ਤੋੜਿਆ, ਅੱਗੋਂ ਵੀ ਸ਼ਾਂਤੀਪੂਰਨ ਢੰਗ ਨਾਲ ਆਪਣੇ ਹੱਕਾਂ ਦੀ ਰਾਖੀ ਲਈ ਵਿਆਪਕ ਪੱਧਰ ’ਤੇ ਦਿੱਲੀ ਨੂੰ ਕੂਚ ਕਰਾਂਗੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਟਰੈਕਟਰ ਟਰਾਲੀਆਂ ਤੇ ਹਰ ਤਰ੍ਹਾਂ ਦੇ ਰਿਹਾਇਸ਼ੀ ਪ੍ਰਬੰਧ ਕਰਕੇ ਦਿੱਲੀ ਨੂੰ ਕੂਚ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨ ਅੰਦੋਲਨ ਦਾ ਮਕਸਦ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਉਣਾ ਨਹੀਂ ਹੈ। ਸ੍ਰੀ ਰਾਜੇਵਾਲ ਨੇ ਕਿਹਾ ਕਿ ਦਿੱਲੀ ਚੱਲੋ ਲਈ ਤਿਆਰੀਆਂ ਮੁਕੰਮਲ ਪੜਾਅ ‘ਚ ਹਨ ਤੇ ਅਗਲੇ ਦਿਨਾਂ ਵਿਚ ਕਿਸਾਨੀ ਝੰਡਿਆਂ ਨਾਲ ਰੰਗਿਆ ਪੰਜਾਬ ਦਿੱਲੀ ਦੇ ਸਾਰੇ ਰਸਤੇ ਮੱਲ ਲਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਨੇਕ ਸਿੰਘ ਖੋਖ, ਘੁੰਮਣ ਸਿੰਘ ਰਾਜਗੜ੍ਹ, ਪ੍ਰਗਟ ਸਿੰਘ ਮਖੂ, ਪ੍ਰਗਟ ਸਿੰਘ ਕੋਟ ਪਨੈਚ, ਨਿਰੰਜਣ ਸਿੰਘ ਦੋਹਲਾ, ਲਖਵਿੰਦਰ ਸਿੰਘ ਪੀਰਮੁਹੰਮਦ, ਰਜਿੰਦਰ ਸਿੰਘ ਕੋਟ ਪਨੈਚ ਆਦਿ ਨੇ ਵੀ ਆਪਣੇ ਵਿਚਾਰ ਰੱਖੇ।