ਪੱਤਰ ਪ੍ਰੇਰਕ
ਚੰਡੀਗੜ੍ਹ, 21 ਸਤੰਬਰ
ਪੰਜਾਬ ਸਰਕਾਰ ਨੇ ਪੀਡਬਲਿਊਡੀ ਵਿਭਾਗ ਦੇ 30 ਤੋਂ ਵੀ ਜ਼ਿਆਦਾ ਕਰਮਚਾਰੀਆਂ ਤੇ ਕੁਝ ਸੇਵਾਮੁਕਤ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਹੈ, ਜਿਨ੍ਹਾਂ ਵਿੱਚ ਕੁਝ ਸੁਪਰਡੈਂਟ ਅਤੇ ਕਾਰਜਕਾਰੀ ਇੰਜਨੀਅਰ ਵੀ ਸ਼ਾਮਲ ਹਨ। ਇਨ੍ਹਾਂ ’ਤੇ ਟੌਲ ਪਲਾਜ਼ਾ ਕੰਪਨੀ ਰੋਹਨ ਰਾਜਦੀਪ ਟੌਲਵੇਜ਼ ਲਿਮਟਿਡ ਨੂੰ ਵੱਖ-ਵੱਖ ਸੜਕਾਂ ’ਤੇ ਰੀ-ਕਾਰਪੇਂਟਿੰਗ ਕਰਵਾਉਣ ਵਿੱਚ ਦੇਰੀ ਕਰਵਾ ਕੇ ਵੱਡੇ ਘਪਲੇ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਮੁੱਖ ਇੰਜਨੀਅਰ (ਹੈੱਡਕੁਆਰਟਰ) ਲੋਕ ਨਿਰਮਾਣ ਵਿਭਾਗ ਪਟਿਆਲਾ ਨੇ ਇਨ੍ਹਾਂ ਜ਼ਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਲਈ ਚਾਰਜਸ਼ੀਟ ਦੇ ਖਰੜੇ ਤਿਆਰ ਕਰਕੇ ਸੱਤ ਦਿਨਾਂ ਦੇ ਅੰਦਰ ਸਰਕਾਰ ਨੂੰ ਭੇਜਣੀ ਯਕੀਨੀ ਬਣਾਉਣ ਲਈ ਕਿਹਾ ਹੈ। ਜਾਣਕਾਰੀ ਮੁਤਾਬਕ ਉਕਤ ਟੌਲ ਪਲਾਜ਼ਾ ਕੰਪਨੀ ਵੱਲੋਂ ਵਿਭਾਗ ਨਾਲ ਕੀਤੇ ਕੰਟਰੈਕਟ ਦੀਆਂ ਸ਼ਰਤਾਂ ਮੁਤਾਬਕ ਪਟਿਆਲਾ-ਸਮਾਣਾ-ਪਾਤੜਾਂ ਮਾਰਗ, ਬਲਾਚੌਰ-ਗੜ੍ਹਸ਼ੰਕਰ-ਹੁਸ਼ਿਆਰਪੁਰ-ਦਸੂਹਾ ਮਾਰਗ, ਜਗਰਾਉਂ-ਨਕੋਦਰ ਮਾਰਗ, ਦਾਖਾ-ਹਲਵਾਰਾ-ਰਾਏਕੋਟ-ਬਰਨਾਲਾ ਮਾਰਗ, ਮੋਰਿੰਡਾ-ਕੁਰਾਲੀ-ਸਿਸਵਾਂ ਮਾਰਗ ਤੇ ਕੀਰਤਪੁਰ ਸਾਹਿਬ-ਨੰਗਲ-ਊਨਾ ਮਾਰਗ ’ਤੇ ਰੀ-ਕਾਰਪੇਂਟਿੰਗ ਕੀਤੀ ਜਾਣੀ ਸੀ। ਵਿਭਾਗ ਦੇ ਅਧਿਕਾਰੀਆਂ ਨੇ ਕੰਪਨੀ ਨਾਲ ਮਿਲੀਭੁਗਤ ਕਰ ਕੇ ਰੀ-ਕਾਰਪੇਂਟਿੰਗ ਵਿੱਚ ਦੇਰੀ ਕਰਵਾਉਂਦੇ ਰਹੇ ਤੇ ਸੜਕਾਂ ’ਤੇ ਪੈਚ ਵਰਕ ਕਰਕੇ ਹੀ ਕੰਮ ਚਲਾਉਂਦੇ ਰਹੇ। ਅਜਿਹਾ ਕਰਕੇ ਉਨ੍ਹਾਂ ਨੇ ਕੰਪਨੀ ਨੂੰ ਵਿੱਤੀ ਲਾਭ ਪਹੁੰਚਾਇਆ ਤੇ ਸਰਕਾਰੀ ਨਿਯਮਾਂ ਦੀ ਉਲੰਘਣਾ ਵੀ ਕੀਤੀ ਹੈ ਕਿਉਂਕਿ ਵਾਹਨ ਚਾਲਕਾਂ ਨੂੰ ਟੌਲ ਅਦਾ ਕਰਨ ਦੇ ਬਾਵਜੂਦ ਸਹੀ ਸੜਕਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ।