ਬੀਐਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 13 ਮਾਰਚ
ਸਥਾਨਕ ਬੱਸ ਸਟੈਂਡ ਦੇ ਨੇੜੇ ਨਵੇਂ ਬਣੇ ਨਵੇਂ ਸੈਲਾਨੀ ਸੂਚਨਾ ਕੇਂਦਰ ਦਾ ਉਦਘਾਟਨ ਕੈਬਨਟ ਮੰਤਰੀ ਹਰਜੋਤ ਬੈਂਸ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤਾ ਗਿਆ। ਇਸ ਮੌਕੇ ਮੰਤਰੀ ਬੈਂਸ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ 36 ਕਰੋੜ ਰੁਪਏ ਦੇ ਪ੍ਰਾਜੈਕਟ ਲੋਕ ਅਰਪਣ ਕੀਤੇ ਗਏ ਨੇ ਜਿਨ੍ਹਾਂ ਵਿਚ ਸੈਲਾਨੀ ਸੂਚਨਾ ਕੇਂਦਰ (ਟੀਆਈਸੀ), ਨੇਚਰ ਪਾਰਕ, ਮਾਤਾ ਨੈਣਾ ਦੇਵੀ ਰੋਡ ਦੇ ਸੁੰਦਰੀਕਰਨ ਦਾ ਕੰਮ ਅਤੇ ਭਾਈ ਜੈਤਾ ਜੀ ਦੀ ਯਾਦਗਾਰ ਸ਼ਾਮਲ ਹਨ। ਮੰਤਰੀ ਬੈਂਸ ਨੇ ਦੱਸਿਆ ਕਿ ਸ੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਮੇਨ ਰੋਡ ਤੱਕ ਸੜਕ ਨੂੰ ਦਰਬਾਰ ਸਾਹਿਬ ਦੇ ਹੈਰੀਟੇਜ ਸਟਰੀਟ ਦੀ ਤਰਜ ’ਤੇ 25 ਕਰੋੜ ਦੀ ਲਾਗਤ ਦੇ ਨਾਲ ਸਫੇਦ ਮਾਰਬਲ ਹੈਰੀਟੇਜ ਸਟਰੀਟ ਦਾ ਪ੍ਰਾਜੈਕਟ ਪਾਸ ਕਰਵਾਇਆ ਜਾ ਚੁੱਕਿਆ ਹੈ ਤੇ ਉਸ ਦਾ ਕੰਮ ਵੀ ਜਲਦੀ ਸ਼ੁਰੂ ਹੋਵੇਗਾ। ਇਸ ਮੌਕੇ ਇੱਕ ਸਵਾਲ ਦੇ ਜਵਾਬ ਵਿੱਚ ਹਰਜੋਤ ਬੈਂਸ ਨੇ ਕਿਹਾ ਕਿ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ, ਇਸ ਨੂੰ ਸਟੱਡੀ ਕੀਤਾ ਜਾ ਰਿਹਾ ਹੈ ਤੇ ਇਹ ਕੰਮ ਹਾਲੇ ਸ਼ੁਰੂਆਤੀ ਦੌਰ ਵਿੱਚ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕਾਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਇਸ ਮੁਕੱਦਸ ਧਰਤੀ ਦੀ ਪੂਰੀ ਦੁਨੀਆਂ ਵਿੱਚ ਮਾਨਤਾ ਹੈ ਇਸ ਧਰਤੀ ’ਤੇ ਹੋਰ ਵੀ ਵਿਕਾਸ ਕੰਮ ਹੋਣ ਤਾਂ ਜੋ ਦੇਸ਼ ਅਤੇ ਦੁਨੀਆਂ ਤੋਂ ਲੋਕ ਇਸ ਧਰਤੀ ਨੂੰ ਦੇਖਣ ਲਈ ਆਉਣ।
ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ): ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਵਿੱਚ ਸਕੂਲ ਦੇ ਸਮੁੱਚੇ ਢਾਂਚੇ ਅਤੇ ਇਮਾਰਤ ਦੇ ਨਵੀਨੀਕਰਨ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਪ੍ਰਧਾਨ ਕਰਕੇ ਇਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਤਤਪਰ ਹੈ। ਉਨ੍ਹਾਂ ਲੋਕਾਂ ਵਲੋਂ ਸਕੂਲ ਵਿੱਚ ਦੋ ਏ.ਸੀ ਕਮਰੇ ਬਣਾਉਣ ਅਤੇ ਹੋਰ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।
ਲੋਕ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਵਾਲਿਆਂ ਤੋਂ ਸੁਚੇਤ ਹੋਣ: ਸੰਧਵਾਂ
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਉਦਾਹਰਨਾਂ ਹਨ ਜਦੋਂ ਦੇਸ਼ ਅੰਦਰ ਵੋਟਰਾਂ ਨੂੰ ਵੰਡਣ ਲਈ ਫਿਰਕੂ ਦੰਗੇ ਵੀ ਕਰਵਾਏ ਗਏ ਹਨ ਜਿਸ ਕਰਕੇ ਲੋਕਾਂ ਚੌਕਸ ਰਹਿਣਾ ਚਾਹੀਦਾ ਹੈ। ਸੰਧਵਾਂ ਨੇ ਕਿਹਾ ਕਿ ਪੰਜਾਬ ’ਤੇ ਗੁਰੂਆਂ ਦੀ ਕਿਰਪਾ ਹੈ ਕਿਉਂਕਿ ਸੂਬੇ ਅੰਦਰ ਕਦੀ ਵੀ ਭਾਈਚਾਰਕ ਸਾਂਝ ਨਹੀਂ ਟੁੱਟੀ। ਸੰਧਵਾਂ ਨੇ ਕਿਹਾ, ‘‘ਪਰ ਜਿਹੜੀਆਂ ਸ਼ਕਤੀਆਂ ਦੇਸ਼ ਨੂੰ ਵੰਡ ਕੇ ਰਾਜ ਕਰਨਾ ਚਾਹੁੰਦੀਆਂ ਹਨ ਉਨ੍ਹਾਂ ਤੋਂ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਸੰਧਵਾਂ ਨੇ ਆਖਿਆ, ‘‘ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਇਨਸਾਫ਼ ਤੇ ਕੁਰਬਾਨੀ ਦੀ ਰਾਜਧਾਨੀ ਹੈ, ਜਿਥੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ।